ਪੀ.ਪੀ. ਵਰਮਾ
ਪੰਚਕੂਲਾ, 6 ਸਤੰਬਰ
ਮੁੱਖ ਮੰਤਰੀ ਨੇ ਅੱਜ ਇੰਟਰਨੈਸ਼ਨਲ ਹਰਿਆਣਾ ਐਜੂਕੇਸ਼ਨ ਸੁਸਾਇਟੀ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕਿ ਸੂਬਾ ਸਰਕਾਰ ਹਰਿਆਣਾ ਦੇ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਪੜ੍ਹਨ ਤੇ ਨੌਕਰੀ ਕਰਨ ਦੇ ਸਪਨੇ ਨੂੰ ਸਾਕਾਰ ਕਰੇਗੀ। ਇਸ ਦੇ ਲਈ ਵਿਦੇਸ਼ ਸਹਿਯੋਗ ਵਿਭਾਗ ਸਥਾਪਿਤ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਬੀਏ-ਐੱਮ ਦੀ ਡਿਗਰੀ ਦੇ ਨਾਲ ਪਾਸਪੋਰਟ ਦੇਣ ਵਾਲੀ ਸਾਡੀ ਪਹਿਲੀ ਸਰਕਾਰ ਹੈ। ਹੁਣ ਤੱਕ 3,000 ਨੌਜਵਾਨਾਂ ਦੇ ਪਾਸਪੋਰਟ ਬਣਵਾਏ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਵਿਦੇਸ਼ੀ ਭਾਸ਼ਾਵਾਂ ਨੂੰ ਸਿੱਖਣ ਲਈ ਵੀ ਕਿਹਾ। ਉਨ੍ਹਾਂ ਨੇ ਆਪਣੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਖੁਦ ਜੈਪਨੀਜ਼ ਭਾਸ਼ਾ ਸਿੱਖਣ ਦਾ ਕੋਰਸ ਵਿੱਚ ਦਾਖ਼ਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਨਾਲ ਸੱਭਿਆਚਾਰਕ ਆਦਾਨ-ਪ੍ਰਦਾਨ ਵੀ ਆਪਸੀ ਸਮਝ ਸਥਾਪਿਤ ਕੀਤੇ ਜਾਣ ਦਾ ਇਕ ਬਿਹਤਰ ਸ੍ਰੋਤ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਆਪਣੇ ਸਮਾਜ ਦੀ ਚਿੰਤਾ ਕਰਨ ਵਾਲਿਆਂ ਦੀ ਫੌਜ ਖੜੀ ਹੋ ਜਾਵੇਗੀ ਤਾਂ ਹਰਿਆਣਾ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਲਦੀ ਲੱਠ ਗੱਡ ਦੇਣਗੇ। ਬ੍ਰਿਟੇਨ ਦੇ ਸਾਂਸਦ ਵੀਰੇਂਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਲ ਹੋਈ ਇਕ ਪੁਰਾਣੀ ਮੁਲਾਕਾਤ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਆਨਲਾਈਨ ਸਿਖਲਾਈ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ।