ਰਤਨ ਸਿੰਘ ਢਿੱਲੋਂ
ਅੰਬਾਲਾ, 27 ਅਕਤੂਬਰ
ਸੀਆਈਏ ਨਰਾਇਣਗੜ੍ਹ-ਅੰਬਾਲਾ ਦੀ ਪੁਲੀਸ ਟੀਮ ਨੇ ਅੰਤਰਰਾਜੀ ਟਰੈਕਟਰ-ਟਰਾਲੀ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ 8 ਟਰੈਕਟਰ, 1 ਟਰਾਲੀ ਅਤੇ 1 ਰੋਟਾਵੇਟਰ ਬਰਾਮਦ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਟੀਮ ਥਾਣਾ ਮੁਲਾਣਾ ਵਿੱਚ ਦਰਜ ਚੋਰੀ ਦੇ ਮਾਮਲੇ ਦੀ ਪੜਤਾਲ ਕਰਦਿਆਂ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪਿੰਡ ਘਘਰੋਹ ਜਾ ਪਹੁੰਚੀ ਅਤੇ ਜਿਸ਼ਨ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦਾ ਅਦਾਲਤ ਵੱਲੋਂ ਚਾਰ ਦਿਨਾ ਪੁਲੀਸ ਰਿਮਾਂਡ ਮਨਜ਼ੂਰ ਹੋਇਆ ਹੈ। ਮੁਲਜ਼ਮ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਸ ਨੇ ਭੂਰਾ ਨਿਵਾਸੀ ਅਲੀਪੁਰ ਭਾਗੂਵਾਲਾ ਜ਼ਿਲ੍ਹਾ ਸਹਾਰਨਪੁਰ ਅਤੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਅੰਬਾਲਾ ਦੇ ਸਾਹਜ਼ਾਦਪੁਰ, ਮੁਲਾਣਾ ਅਤੇ ਨਰਾਇਣਗੜ੍ਹ ਥਾਣਿਆਂ ਵਿੱਚ ਦਰਜ ਪੰਜ ਮਾਮਲਿਆਂ ਵਿੱਚ ਅਤੇ ਯਮੁਨਾਨਗਰ ਤੇ ਕਰਨਾਲ ਵਿੱਚੋਂ ਟਰੈਕਟਰ-ਟਰਾਲੀਆਂ ਚੋਰੀ ਕੀਤੀਆਂ ਹਨ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਤੋਂ ਬਿਨਾ ਚੋਰੀਸ਼ੁਦਾ ਦੋ ਟਰੈਕਟਰ ਯਮੁਨਾਨਗਰ ਤੋਂ ਅਤੇ 1 ਕਰਨਾਲ ਤੋਂ ਵੀ ਬਰਾਮਦ ਕੀਤੇ ਗਏ ਹਨ।