ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਫਰਵਰੀ
ਸ਼ਹਿਰੀ ਹਵਾਬਾਜ਼ੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਮੁਹਾਲੀ ਤੋਂ ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਸੰਯੁਕਤ) ਅਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੰਜੀਵ ਵਸ਼ਿਸ਼ਟ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ।
ਉਨ੍ਹਾਂ ਦੇਰ ਸ਼ਾਮ ਇੱਥੋਂ ਫੇਜ਼-9 ਦੇ ਪਬਲਿਕ ਪਾਰਕ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਹ ਦੇਰ ਰਾਤ ਤੱਕ ਮੁਹਾਲੀ ਵਿੱਚ ਰਹੇ ਅਤੇ ਚੋਣਾਂ ਸਬੰਧੀ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ। ਇਸ ਮੌਕੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਐੱਨ.ਕੇ. ਬਾਂਕਾ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕਈ ਬ੍ਰਾਹਮਣ ਸਭਾਵਾਂ ਅਤੇ ਪੁਜਾਰੀ ਪਰਿਸ਼ਦ ਦੇ ਨੁਮਾਇੰਦਿਆਂ ਨੇ ਵੀ ਭਾਜਪਾ ਦੀ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਹਰਦੀਪ ਪੁਰੀ ਨੇ ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਜਪਾ ਆਗੂਆਂ ਜਾਂ ਹੋਰ ਕਿਸੇ ਨੂੰ ਮੰਗ ਪੱਤਰ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।