ਆਤਿਸ਼ ਗੁਪਤਾ
ਚੰਡੀਗੜ੍ਹ, 22 ਦਸੰਬਰ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਘੋਲ ਨੂੰ ਕਮਜ਼ੋਰ ਕਰਨ ਲਈ ਮੋਦੀ ਸਰਕਾਰ ਨੇ ਇਕ ਵਾਰ ਫੇਰ ਨਵਾਂ ਪੈਂਤੜਾ ਖੇਡ ਦਿੱਤਾ ਹੈ ਜਿਸ ਤਹਿਤ ਬਾਹਰੋਂ ਆਏ ਪੰਜਾਬੀਆਂ ਦੇ ਪੈਸੇ ਨੂੰ ਬੈਂਕਾਂ ਵਿੱਚੋਂ ਕਢਵਾਉਣ ਤੋਂ ਪਹਿਲਾਂ ਸਬੂਤ ਮੰਗੇ ਜਾ ਰਹੇ ਹਨ। ਇਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਚੰਡੀਗੜ੍ਹ ਦੇ ਸੈਕਟਰ-28 ਵਿੱਚ ਸਥਿਤ ਕੇਂਦਰੀ ਸਿੰਘ ਸਭਾ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਨੇ ਬਾਹਰੀ ਦੇਸ਼ਾਂ ਤੋਂ ਕਮਾ ਕੇ ਲਿਆਂਦੇ ਪੰਜਾਬੀਆਂ ਦੇ ਪੈਸੇ ’ਤੇ ਸਰਕਾਰ ਵੱਲੋਂ ਨਜ਼ਰ ਰੱਖਣ ਦੀ ਨਿਖੇਧੀ ਕੀਤੀ ਹੈ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਤੋੜਨ ਲਈ ਵਿਦੇਸ਼ਾਂ ਵਿੱਚ ਬੈਠੇ ਪਰਿਵਾਰਕ ਮੈਂਬਰਾਂ ਵੱਲੋਂ ਕਮਾਏ ਪੈਸੇ ਨੂੰ ਬੈਂਕਾਂ ਵਿੱਚੋਂ ਕਢਵਾਉਣ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਮੌਕੇ ਜਸਪਾਲ ਸਿੰਘ ਸਿੱਧੂ, ਲੇਖਕ ਰਾਜਵਿੰਦਰ ਸਿੰਘ ਰਾਹੀ, ਇੰਜੀਨੀਅਰ ਗੁਰਪਾਲ ਸਿੰਘ ਸਿੱਧੂ, ਗੁਰਬਚਨ ਸਿੰਘ, ਭਿੰਡਰ ਸਿੰਘ, ਡਾ. ਕੁਲਦੀਪ ਸਿੰਘ ਸਰਜਨ ਪਟਿਆਲਾ, ਪ੍ਰੋ. ਮਨਜੀਤ ਸਿੰਘ, ਅਜੈਪਾਲ ਸਿੰਘ ਬਰਾੜ, ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹਾਜ਼ਰ ਸਨ।