ਹਰਜੀਤ ਸਿੰਘ
ਜ਼ੀਰਕਪੁਰ, 12 ਜੂਨ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੂਜਾ ਸਿਆਲ ਗਰੇਵਾਲ ਵੱਲੋਂ ਅੱਜ ਸ਼ਹਿਰ ਦੇ ਬਿਲਡਰਾਂ ਅਤੇ ਕਲੋਨਾਈਜ਼ਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਬਿਲਡਰਾਂ ਨੂੰ ਛੇਤੀ ਤੋਂ ਛੇਤੀ ਆਪਣੇ ਰੁਕੇ ਹੋਏ ਈਡੀਸੀ ਚਾਰਜਿਸ ਅਤੇ ਪ੍ਰਾਪਰਟੀ ਟੈਕਸ ਛੇਤੀ ਭਰਨ ਦੀ ਹਦਾਇਤ ਕੀਤੀ। ਕੌਂਸਲ ਦਫਤਰ ਵਿੱਚ ਹੋਈ ਮੀਟਿੰਗ ਦੌਰਾਨ ਕੌਂਸਲ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਅਤੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਵੀ ਹਾਜ਼ਰ ਸਨ। ਇਸ ਮੌਕੇ ਮੈਡਮ ਗਰੇਵਾਲ ਨੇ ਚਿਤਾਵਨੀ ਦਿੱਤੀ ਕਿ ਈਡੀਸੀ ਚਾਰਜਿਜ਼ ਅਤੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਬਿਲਡਰਾਂ ਨੂੰ ਵਿਭਾਗ ਦੀ ਕਾਰਵਾਈ ਤੋਂ ਬਚਣ ਲਈ ਨਿਯਮ ਮੁਤਾਬਕ ਆਪਣੇ ਬਕਾਇਆ ਛੇਤੀ ਭਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਿਲਡਰਾਂ ਅਤੇ ਕਲੋਨਾਈਜ਼ਰਾਂ ਨੂੰ ਆਪਣੇ ਨਕਸ਼ੇ ਵਿੱਚ ਕਿਸੇ ਵੀ ਕਿਸਮ ਦਾ ਬਦਲਾਅ ਕਰਨ ਲਈ ਲਾਇਸੰਸ ਲੈਣਾ ਜ਼ਰੂਰੀ ਹੋਏਗਾ। ਉਨ੍ਹਾਂ ਨੇ ਬਿਲਡਰਾਂ ਨੂੰ ਕਿਹਾ ਕਿ ਉਹ ਆਪਣਾ ਪ੍ਰਾਪਰਟੀ ਟੈਕਸ ਆਪ ਇਕੱਤਰ ਕਰਨ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਏ। ਪੰਜਾਬ ਸਰਕਾਰ ਵੱਲੋਂ ਬਣਾਈ ਗਈ ਇਸ਼ਤਿਹਾਰ ਯੋਜਨਾ ਤਹਿਤ ਹੀ ਇਸ਼ਤਿਹਾਰਬਾਜ਼ੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਬਿਲਡਰ ਅਤੇ ਕਲੋਨਾਈਜ਼ਰ ਬਿਨਾਂ ਮਨਜ਼ੂਰੀ ਤੋਂ ਆਪਣਾ ਯੂਨੀਪੋਲ ਨਾ ਲਾਏ। ਉਨ੍ਹਾਂ ਕਿਹਾ ਕੰਪਲੀਸ਼ਨ ਪ੍ਰਮਾਣ ਪੱਤਰ ਨਾ ਲੈਣ ਵਾਲੇ ਬਿਲਡਰਾਂ ਅਤੇ ਕਲੋਨਾਈਜ਼ਰਾਂ ਦੀ ਕਲੋਨੀਆਂ ਅਤੇ ਪ੍ਰਾਜੈਕਟਾਂ ਦੀ ਰਜਿਸਟਰੀਆਂ ’ਤੇ ਰੋਕ ਲਾ ਦਿੱਤੀ ਗਈ ਹੈ।