ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁਲ ਨੂੰ ਸੋਲਰ ਸਿਟੀ ਵਜੋਂ ਸਥਾਪਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਕੜੀ ਵਿੱਚ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਸਰਕਾਰੀ ਸੰਸਥਾਨਾਂ ਵਿੱਚ ਸੋਲਰ ਸਿਸਟਮ ਲਗਾਏ ਜਾ ਰਹੇ ਹਨ। ਮਲੋਆ ਵਿੱਚ ਸਥਿਤ ਸਰਕਾਰੀ ਮਾਡਲ ਹਾਈ ਸਕੂਲ-1 ਅਤੇ ਸਰਕਾਰੀ ਮਾਡਲ ਹਾਈ ਸਕੂਲ-2 ਵਿੱਚ 2.2 ਕਰੋੜ ਰੁਪਏ ਦੀ ਲਾਗਤ ਨਾਲ ਦੋ ਸੋਲਰ ਪਾਵਰ ਪਲਾਂਟ (ਐੱਸਪੀਵੀ) ਲਗਾਏ ਗਏ ਹਨ, ਜਿਸ ਦਾ ਅੱਜ ਸਲਾਹਕਾਰ ਧਰਮਪਾਲ ਨੇ ਉਦਘਾਟਨ ਕੀਤਾ। ਇਸ ਮੌਕੇ ਪ੍ਰਮੁੱਖ ਸਕੱਤਰ ਅਰੁਣ ਕੁਮਾਰ, ਜੰਗਲਾਤ ਵਿਭਾਗ ਦੇ ਅਧਿਕਾਰੀ ਦੇਬੇਂਦਰ ਦਲਾਈ ਵੀ ਹਾਜ਼ਰ ਸਨ। ਪ੍ਰਸ਼ਾਸਕ ਦੇ ਸਲਾਹਕਾਰ ਨੇ ਸਕੂਲ ਵਿੱਚ ਚੱਲ ਰਹੀਆਂ ਕਲਾਸਾਂ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।