ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਮਈ
ਆਮ ਆਦਮੀ ਪਾਰਟੀ ਦੀ ਮਹਿਲਾ ਕੌਂਸਲਰ ਅਰੁਣਾ ਵਸ਼ਿਸ਼ਟ ਨੇ ਨਿਵੇਕਲੀ ਪਹਿਲ ਕਰਦਿਆਂ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕੰਮਾਂ, ਇਨ੍ਹਾਂ ਕਾਰਜਾਂ ’ਤੇ ਆਉਣ ਵਾਲੇ ਖ਼ਰਚੇ ਅਤੇ ਫੰਡਾਂ ਬਾਰੇ ਆਮ ਨਾਗਰਿਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਜਨਤਕ ਥਾਵਾਂ ’ਤੇ ਸੂਚਨਾ ਬੋਰਡ ਲਗਾਏ ਗਏ ਹਨ। ਮਹਿਲਾ ਕੌਂਸਲਰ ਨੇ ਕਿਹਾ ਕਿ ਵਿਕਾਸ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਇੱਥੋਂ ਦੇ ਵਾਰਡ ਨੰਬਰ-35 (ਸੈਕਟਰ-68 ਤੇ 69) ਵਿੱਚ ਵੱਖ-ਵੱਖ ਰਿਹਾਇਸ਼ੀ ਪਾਰਕਾਂ ਅਤੇ ਹੋਰਨਾਂ ਜਨਤਕ ਥਾਵਾਂ ਉੱਤੇ ਸੂਚਨਾ ਬੋਰਡ ਲਗਾਏ ਗਏ ਹਨ। ਅਰੁਣਾ ਵਸ਼ਿਸ਼ਟ ਨੇ ਦੱਸਿਆ ਕਿ ਇਨ੍ਹਾਂ ਬੋਰਡਾਂ ਉੱਤੇ ਸਬੰਧਤ ਵਿਕਾਸ ਕੰਮਾਂ ਅਤੇ ਉਨ੍ਹਾਂ ’ਤੇ ਆਉਣ ਵਾਲੇ ਖ਼ਰਚੇ ਦਾ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ, ਨਿਗਰਾਨ ਇੰਜਨੀਅਰ ਅਤੇ ਐਕਸੀਅਨ ਦੇ ਨੰਬਰ ਲਿਖੇ ਗਏ ਹਨ ਤਾਂ ਜੋ ਕੋਈ ਵੀ ਸ਼ਹਿਰ ਵਾਸੀ ਵਿਕਾਸ ਕੰਮਾਂ ਅਤੇ ਫੰਡਾਂ ਬਾਰੇ ਪੁੱਛ-ਪੜਤਾਲ ਕਰ ਸਕਦਾ ਹੈ। ਕੌਂਸਲਰ ਨੇ ਕਿਹਾ ਕਿ ਉਨ੍ਹਾਂ ਦੀ ਇਸ ਪਹਿਲਕਦਮੀ ਨਾਲ ਜਿੱਥੇ ਵਿਕਾਸ ਕੰਮਾਂ ਵਿੱਚ ਤੇਜ਼ੀ ਅਤੇ ਪਾਰਦਰਸ਼ਤਾ ਆਵੇਗੀ, ਉੱਥੇ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਵੇਗੀ।