ਕਰਮਜੀਤ ਸਿੰਘ ਚਿੱਲਾ
ਬਨੂੜ, 29 ਅਕਤੂਬਰ
ਸਿਵਲ ਸਪਲਾਈ ਵਿਭਾਗ ਦੀ ਰੂਪਨਗਰ ਡਿਵੀਜ਼ਨ ਦੀ ਡਿਪਟੀ ਡਾਇਰੈਕਟਰ ਹਰਜੀਤ ਕੌਰ ਨੇ ਬਨੂੜ ਮੰਡੀ ਦਾ ਨਿਰੀਖਣ ਕੀਤਾ। ਉਹ ਮਾਰਕੀਟ ਕਮੇਟੀ ਦੇ ਦਫ਼ਤਰ ਜਾਣ ਦੀ ਥਾਂ ਸਿੱਧਾ ਹੀ ਮੰਡੀ ਦੇ ਫੜ੍ਹਾਂ ਉੱਤੇ ਪਹੁੰਚੇ ਅਤੇ ਝੋਨਾ ਵੇਚਣ ਆਏ ਕਿਸਾਨਾਂ, ਆੜ੍ਹਤੀਆਂ ਤੇ ਪੱਲੇਦਾਰਾਂ ਨਾਲ ਗੱਲਬਾਤ ਕੀਤੀ। ਸਾਰਿਆਂ ਨੇ ਮੰਡੀ ਦੇ ਪ੍ਰਬੰਧਾਂ ਉੱ ਤੇ ਤਸੱਲੀ ਪ੍ਰਗਟਾਈ।
ਆੜ੍ਹਤੀ ਐਸੋਸੀਏਸ਼ਨ ਬਨੂੜ ਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪੁਨੀਤ ਜੈਨ ਅਤੇ ਪਨਗਰੇਨ ਦੇ ਖ਼ਰੀਦ ਅਧਿਕਾਰੀ ਸੁਭਾਸ਼ ਸਿੰਗਲਾ ਨੇ ਡਿਪਟੀ ਡਾਇਰੈਕਟਰ ਨੂੰ ਝੋਨੇ ਦੀ ਖਰੀਦ, ਭਰਾਈ ਅਤੇ ਚੁਕਾਈ ਸਬੰਧੀ ਜਾਣਕਾਰੀ ਦਿੱਤੀ। ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿੱਚ ਝੋਨਾ ਨਾਲੋ-ਨਾਲ ਵਿਕ ਰਿਹਾ ਹੈ ਅਤੇ ਉਹ ਦੁਪਹਿਰ ਸਮੇਂ ਝੋਨਾ ਮੰਡੀ ਵਿੱਚ ਲਿਆਉਣ ਮਗਰੋਂ ਮਹਿਜ਼ ਚਾਰ-ਪੰਜ ਘੰਟੇ ਵਿੱਚ ਝੋਨੇ ਦੀ ਭਰਾਈ ਕਰਾ ਕੇ ਵਿਹਲੇ ਹੋਣ ਉਪਰੰਤ ਘਰ ਚਲੇ ਜਾਂਦੇ ਹਨ। ਕਿਸਾਨਾਂ ਨੇ ਝੋਨੇ ਦੀ ਅਦਾਇਗੀ ਵੀ ਦੋ ਚਾਰ ਦਿਨਾਂ ਦੇ ਅੰਦਰ ਹੋ ਜਾਣ ਦੀ ਗੱਲ ਆਖੀ। ਡਿਪਟੀ ਡਾਇਰੈਕਟਰ ਨੇ ਖਰੀਦ ਏਜੰਸੀਆਂ ਅਤੇ ਆੜ੍ਹਤੀਆਂ ਨੂੰ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਾ ਆਉਣ ਦੇਣ ਦੀ ਹਦਾਇਤ ਕੀਤੀ। ਇਸੇ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਅਤੇ ਲੇਖਾਕਾਰ ਗੁਰਮੀਤ ਸਿੰਘ ਗਿਆਨੀ ਨੇ ਦੱਸਿਆ ਕਿ ਮੰਡੀ ਨਾਲ ਐਤਕੀਂ ਸੱਤ ਸ਼ੈਲਰ ਜੋੜੇ ਗਏ ਹਨ ਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਦੇ 3 ਲੱਖ 25 ਕੁਇੰਟਲ ਦੇ ਮੁਕਾਬਲੇ ਬਨੂੜ ਮੰਡੀ ਵਿੱਚ ਹੁਣ ਤੱਕ 2 ਲੱਖ 60 ਹਜ਼ਾਰ ਕੁਇੰਟਲ ਝੋਨਾ ਆ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲਿਫ਼ਟਿੰਗ ਵੀ ਨਾਲੋ ਨਾਲ ਚੱਲ ਰਹੀ ਹੈ।