ਪੀ.ਪੀ. ਵਰਮਾ
ਪੰਚਕੂਲਾ 17, ਅਗਸਤ
17 ਕਮਾਊ ਰਜਮੈਂਟ ਦੇ ਹੌਲਦਾਰ ਬਿਸ਼ਨ ਸਿੰਘ ਨੇ ਅੱਜ ਪੰਚਕੂਲਾ ਦੇ ਕਮਾਂਡ ਹਸਪਤਾਲ ਵਿੱਚ ਆਖਰੀ ਸਾਹ ਲਿਆ। ਹੌਲਦਾਰ ਬਿਸ਼ਨ ਸਿੰਘ 6 ਮਈ ਨੂੰ ਗਲਵਾਨ ਘਾਟੀ ਵਿੱਚ ਭਾਰਤ-ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜੱਪ ਵਿੱਚ ਜ਼ਖ਼ਮੀ ਹੋ ਗਿਆ ਸੀ। ਉਹ ਕੁਝ ਦਿਨ ਲੇਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਰਿਹਾ, ਪਰ ਬਿਸ਼ਨ ਸਿੰਘ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਊਸ ਨੂੰ ਚੰਡੀਮੰਦਰ ਪੰਚਕੂਲਾ ਦੇ ਕਮਾਂਡ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਅੱਜ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਉਹ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਸ ਦੀ ਮ੍ਰਿਤਕ ਦੇਹ ਨੂੰ ਲੈਣ ਵਾਸਤੇ ਸ਼ਹੀਦ ਦੀ ਪਤਨੀ ਸਤੀ ਦੇਵੀ, ਬੇਟੀ ਮਨੀਸ਼ਾ, ਬੇਟਾ ਮਨੋਜ ਅਤੇ ਸ਼ਹੀਦ ਦਾ ਭਰਾ ਜਗਤ ਸਿੰਘ ਆਇਆ ਹੋਇਆ ਸੀ। ਸ਼ਹੀਦ ਦਾ ਪਰਿਵਾਰ ਪਿਥੋੜਾਗੜ੍ਹ ਜ਼ਿਲ੍ਹੇ ਦੇ ਕਸਬੇ ਬੰਗਾਂ ਪਾਣੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਸ਼ਹੀਦ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।