ਜਗਮੋਹਨ ਸਿੰਘ
ਘਨੌਲੀ, 3 ਅਪਰੈਲ
ਪੁਲੀਸ ਚੌਕੀ ਭਰਤਗੜ੍ਹ ਵੱਲੋਂ ਪਿੰਡ ਸਰਸਾ ਨੰਗਲ ਵਿੱਚ ਖਣਨ ਵਿਭਾਗ ਦੇ ਕੰਡੇ ’ਤੇ ਤਾਇਨਾਤ ਕੰਪਿਊਟਰ ਅਪਰੇਟਰ ਦੀ ਕੁੱਟਮਾਰ ਕੀਤੇ ਜਾਣ ਦੇ ਸਬੰਧ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਗੰਭੀਰ ਜ਼ਖਮੀ ਹੋਇਆ ਕੰਪਿਊਟਰ ਅਪਰੇਟਰ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਹੈ।
ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਕੋਲ ਲਿਖਵਾਏ ਬਿਆਨਾਂ ਅਨੁਸਾਰ ਗੁਰਕੀਰਤ ਸਿੰਘ ਵਾਸੀ ਕੋਟਲਾ ਨਿਹੰਗ, ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਹ 22-23 ਮਾਰਚ ਦੀ ਦਰਮਿਆਨੀ ਰਾਤ ਨੂੰ ਆਪਣੀ ਡਿਊਟੀ ’ਤੇ ਖਣਨ ਵਿਭਾਗ ਵੱਲੋਂ ਲਗਾਏ ਗਏ ਕੰਡੇ ’ਤੇ ਤਾਇਨਾਤ ਸੀ। ਗੱਡੀਆਂ ਦੀ ਆਵਾਜਾਈ ਘੱਟ ਹੋਣ ਕਾਰਨ ਉਸ ਨੇ ਰਾਤ ਨੂੰ ਅੰਦਰੋਂ ਕੁੰਡੀ ਲਗਾਈ ਹੋਈ ਸੀ। ਇਸੇ ਦੌਰਾਨ ਕਿਸੀ ਨੇ ਕੰਡੇ ਦੇ ਬਾਹਰ ਲੱਗਿਆ ਬਿਜਲੀ ਦਾ ਬੱਲਬ ਤੋੜ ਦਿੱਤਾ। ਜਦੋਂ ਉਸ ਨੇ ਕਮਰੇ ਦੀ ਕੁੰਡੀ ਖੋਲ੍ਹ ਕੇ ਬਾਹਰ ਦੇਖਣ ਦਾ ਯਤਨ ਕੀਤਾ ਤਾਂ ਇੱਕ ਵਿਅਕਤੀ ਨੇ ਉਸ ਨੂੰ ਖਿੱਚ ਕੇ ਥੱਲੇ ਸੁੱਟ ਲਿਆ ਅਤੇ ਦੋ ਹੋਰ ਵਿਅਕਤੀਆਂ ਨੇ ਉਸ ਨੂੰ ਰਾਡਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਕਤ ਤਿੰਨੋਂ ਵਿਅਕਤੀ ਉਸ ਨੂੰ ਗੰਭੀਰ ਜ਼ਖਮੀ ਕਰ ਕੇ ਫ਼ਰਾਰ ਹੋ ਗਏ। ਗੁਰਕੀਰਤ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ। ਚੌਕੀ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਗਈ ਹੈ।