ਮੁਕੇਸ਼ ਕੁਮਾਰ
ਚੰਡੀਗੜ੍ਹ, 9 ਜੁਲਾਈ
ਇੱਥੇ ਮਹਿਲਾ ਕਾਂਗਰਸ ਨੇ ਦੇਸ਼ ਵਿੱਚ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਖ਼ਿਲਾਫ਼ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਡੱਡੂ ਮਾਜਰਾ ਦੀ ਈਡਬਲਿਯੂਐਸ ਕਲੋਨੀ ਵਿੱਚ ਕੀਤੇ ਇਸ ਪ੍ਰਦਰਸ਼ਨ ਦੌਰਾਨ ਮਹਿਲਾ ਕਾਂਗਰਸ ਵਲੋਂ ਕੜਾਹੀ ਵਿੱਚ ਤੇਲ ਦੀ ਥਾਂ ਪਾਣੀ ਪਾ ਕੇ ਪਕੌੜੇ ਤਲ ਕੇ ਰੋਸ ਜ਼ਾਹਿਰ ਕੀਤਾ ਗਿਆ। ਰੋਸ ਪ੍ਰਦਰਸ਼ਨ ਦੇ ਅਗਵਾਈ ਕਰ ਰਹੀ ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੁਬੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦਰਸ਼ਨ ਰਾਹੀਂ ਸਿਖ਼ਰ ’ਤੇ ਪੁੱਜੀ ਮਹਿੰਗਾਈ ਤੋਂ ਪ੍ਰੇਸ਼ਾਨ ਦੇਸ਼ ਵਾਸੀਆਂ ਦੀ ਸਮੱਸਿਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਲੋਕਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਹੈ ਤੇ ਭਾਜਪਾ ਮਹਿੰਗਾਈ ਨਾਲ ਹੁਣ ਲੋਕਾਂ ਤੋਂ ਰੋਟੀ ਵੀ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਅੱਜ ਹਰ ਵਰਗ ਪ੍ਰੇਸ਼ਾਨ ਹੈ। ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਣੇ ਰਸੋਈ ਗੈਸ ਦੀਆਂ ਕੀਮਤਾਂ ਅਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦੀਪ ਦੁਬੇ ਨੇ ਕੇਂਦਰ ਸਰਕਾਰ ਨੂੰ ਅਸਫ਼ਲ ਕਰਾਰ ਦਿੱਤਾ। ਪ੍ਰਦਰਸ਼ਨ ਦੌਰਾਨ ਮਹਿਲਾਂ ਕਾਂਗਰਸ ਦੀਆਂ ਵਰਕਰਾਂ ਨੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਮਮਤਾ, ਜਯੋਤੀ, ਰਾਨੋ, ਗੀਤਾ, ਚੰਦਾ, ਸਵਿਤਾ, ਪੂਜਾ, ਰੰਜੀਤ ਕੌਰ, ਨਿਧੀ, ਪ੍ਰੀਤੀ, ਸੁਸ਼ਮਾ, ਦੀਪਾ, ਪ੍ਰੇਮ ਲਤਾ, ਰਜਨੀ, ਨਿਸ਼ਾ, ਮਮਤਾ ਸੂਦ ਸਣੇ ਹੋਰ ਮੌਜੂਦ ਸਨ।
ਦੂਜੇ ਪਾਸੇ, ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇੱਥੇ ਸੈੱਕਟਰ-9 ਦੇ ਪੈਟਰੋਲ ਪੰਪ ’ਤੇ ਕੀਤੇ ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਦੇ ਮੈਂਬਰਾਂ ਨੇ ਤੇਲ ਕੀਮਤਾਂ ਨੂੰ ਲੈ ਕੇ ਹਸਤਾਖ਼ਰ ਮੁਹਿੰਮ ਵੀ ਚਲਾਈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਨੇ ਆਮ ਆਦਮੀ ਨੂੰ ਲੁੱਟ ਕੇ ਆਪਣੇ ਚਹੇਤੇ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਯਤਨਸ਼ੀਲ ਹੈ।
ਯੂਥ ਕਾਂਗਰਸ ਆਗੂ ਮਨੋਜ ਲੁਬਾਣਾ ਨੇ ਦੱਸਿਆ ਕਿ ਅੱਜ ਕੀਤੇ ਪ੍ਰਦਰਸ਼ਨ ਦੌਰਾਨ ਲਗਪਗ 600 ਲੋਕਾਂ ਦੇ ਹਸਤਾਖ਼ਰ ਕਰਵਾਏ ਗਏ। ਰੋਸ ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਦੇ ਪ੍ਰੀਤੀ ਗੁਪਤਾ, ਨਵਦੀਪ ਸਿੰਘ, ਕੰਵਲਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਰਵੀ ਅਤੇ ਉਮੇਸ਼ ਕੁਮਾਰ ਸਣੇ ਹੋਰ ਪਾਰਟੀ ਵਰਕਰ ਸ਼ਾਮਲ ਹੋਏ।