ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਗਸਤ
ਟੋਕੀਓ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਮੋਨਿਕਾ ਮਲਿਕ ਦਾ ਚੰਡੀਗੜ੍ਹ ਦੇ ਸੈਕਟਰ-44 ਸਥਿਤ ਘਰ ਵਿੱਚ ਪਹੁੰਚਣ ’ਤੇ ਉਸ ਦੇ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੋਨਿਕਾ ਦੇ ਘਰ ਰਿਸ਼ਤੇਦਾਰ ਅਤੇ ਇਲਾਕਾ ਵਾਸੀਆਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਮੋਨਿਕਾ ਨੇ ਟੋਕੀਓ ਓਲੰਪਿਕ ਨਾਲ ਜੁੜੀਆਂ ਗੱਲਾਂ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਮੋਨਿਕਾ ਨੇ ਕਿਹਾ, ‘‘ਓਲੰਪਿਕ ਵਿੱਚ ਨਾ ਜਿੱਤ ਪਾਉਣ ਦਾ ਬਹੁਤ ਦੁੱਖ ਹੈ। ਸ਼ਾਇਦ ਉਹ ਦਿਨ ਸਾਡੀ ਟੀਮ ਲਈ ਚੰਗਾ ਦਿਨ ਨਹੀਂ ਸੀ ਜਿਸ ਕਰ ਕੇ ਅਸੀਂ ਜਿੱਤ ਨਾ ਸਕੇ।’’ ਹਾਕੀ ਖਿਡਾਰਨ ਨੇ ਕਿਹਾ, ‘‘ਭਵਿੱਖ ਵਿੱਚ ਮੌਕਾ ਮਿਲਿਆ ਤਾਂ ਜਿੱਤ ਹਾਸਲ ਕਰ ਕੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਜ਼ਰੂਰ ਰੋਸ਼ਨ ਕਰਾਂਗੇ।’’ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਨੇ ਦੱਸਿਆ ਕਿ ਪੁਰਸ਼ ਹਾਕੀ ਟੀਮ ਦੇ ਕਾਂਸੀ ਤਗ਼ਮਾ ਜਿੱਤਣ ਤੋਂ ਬਾਅਦ ਟੀਮ ’ਤੇ ਦਬਾਅ ਬਹੁਤ ਵਧ ਗਿਆ ਸੀ। ਦੇਸ਼ ਦੇ ਲੋਕਾਂ ਨੂੰ ਮਹਿਲਾ ਟੀਮ ਤੋਂ ਵੀ ਜਿੱਤ ਦੀ ਆਸ ਸੀ ਪਰ ਉਹ ਪੂਰੀ ਨਾ ਹੋ ਸਕੀ।
ਉਨ੍ਹਾਂ ਕਿਹਾ ਕਿ ਹਾਰ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟੀਮ ਨਾਲ ਫੋਨ ’ਤੇ ਗੱਲ ਕਰ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ, ਜਿਸ ਨਾਲ ਟੀਮ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ। ਉਸ ਨੇ ਦੱਸਿਆ ਕਿ ਟੋਕੀਓ ਓਲੰਪਿਕ ਤੋਂ ਪਹਿਲਾਂ ਲੋਕ ਮਹਿਲਾ ਹਾਕੀ ਟੀਮ ਨੂੰ ਕਮਜ਼ੋਰ ਟੀਮ ਸਮਝਦੇ ਸਨ ਪਰ ਇਸ ਓਲੰਪਿਕ ਨੇ ਸਾਬਿਤ ਕਰ ਦਿੱਤਾ ਹੈ ਕਿ ਮਹਿਲਾਵਾਂ ਕਿਸੇ ਤੋਂ ਪਿੱਛੇ ਨਹੀਂ ਹਨ।
ਮੋਨਿਕਾ ਨੇ ਦੱਸਿਆ ਕਿ ਪਿਤਾ ਸੇਵਾਮੁਕਤ ਏਐੱਸਆਈ ਤਕਦੀਰ ਸਿੰਘ ਮਲਿਕ ਉਸ ਨੂੰ ਪਹਿਲਵਾਨ ਬਣਾਉਣਾ ਚਾਹੁੰਦੇ ਸਨ ਪਰ ਉਹ ਸ਼ੁਰੂਆਤ ਤੋਂ ਹੀ ਹਾਕੀ ਖੇਡਣਾ ਚਾਹੁੰਦੀ ਸੀ। ਹਾਕੀ ਦੀ ਸਿਖਲਾਈ ਸੈਕਟਰ-18 ਵਿੱਚ ਸਥਿਤ ਹਾਕੀ ਅਕੈਡਮੀ ਤੋਂ ਲਈ ਸੀ ਜਿਸ ਸਦਕਾ ਸਾਲ 2011 ਵਿੱਚ ਕੌਮੀ ਟੀਮ ਲਈ ਚੋਣ ਹੋ ਗਈ ਸੀ। ਉਸ ਨੇ ਦੱਸਿਆ ਕਿ ਸਾਲ 2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਉਹ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਸਨ ਜਿਸ ਤੋਂ ਬਾਅਦ ਟੋਕੀਓ ਓਲੰਪਿਕ ਵਿੱਚ ਕੁਝ ਵਧੀਆ ਕਰਨ ਦੀ ਸੋਚੀ ਹੋਈ ਸੀ।