ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 22 ਅਗਸਤ
ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠਲੇ ਆਜ਼ਾਦ ਗਰੁੱਪ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਖੇਡ ਕਿੱਟਾਂ ਵੰਡਣ ਦੀ ਮੁਹਿੰਮ ਹੋਰ ਭਖਾ ਦਿੱਤੀ ਗਈ ਹੈ। ਸਾਬਕਾ ਮੇਅਰ ਦੀਆਂ ਤਸਵੀਰਾਂ ਵਾਲੇ ਬੈਗਾਂ ਵਿੱਚ ਵਾਲੀਬਾਲ ਅਤੇ ਕ੍ਰਿਕਟ ਕਿੱਟਾਂ ਦੀ ਵੰਡ ਕੁਲਵੰਤ ਸਿੰਘ ਦੇ ਪੁੱਤਰ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ।
ਸ੍ਰੀ ਸਮਾਣਾ ਨੇ ਅੱਜ ਬੈਂਰੋਪੁਰ, ਭਾਗੋਮਾਜਰਾ, ਠਸਕਾ ਆਦਿ ਪਿੰਡਾਂ ਵਿੱਚ ਖੇਡ ਕਿੱਟਾਂ ਵੰਡੀਆਂ। ਸ੍ਰੀ ਸਮਾਣਾ ਨੇ ਖੇਡ ਕਿੱਟਾਂ ਵੰਡਣ ਮੌਕੇ ਨੌਜਵਾਨਾਂ ਨਾਲ ਵੀ ਸੰਪਰਕ ਸਾਧਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ। ਉਨ੍ਹਾਂ ਐਲਾਨ ਕੀਤਾ ਕਿ ਸਮੁੱਚੇ ਹਲਕੇ ਵਿੱਚ ਖੇਡ ਕਿੱਟਾਂ ਵੰਡਣ ਮਗਰੋਂ ਹਲਕੇ ਵਿੱਚ ਖੇਡ ਮੇਲੇ ਕਰਵਾਏ ਜਾਣਗੇ। ਅੱਜ ਖੇਡ ਕਿੱਟਾਂ ਵੰਡਣ ਮੌਕੇ ਹਨੀ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਭਾਗ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਸੁਰਜੀਤ ਸਿੰਘ, ਜੈਪਾਲ ਕੁਮਾਰ ਅਤੇ ਗੁਰਦੀਪ ਸਿੰਘ ਹਾਜ਼ਰ ਸਨ।
ਨੱਗਲ-ਸਲੇਮਪੁਰ ਵਿੱਚ ਖੇਡ ਸਟੇਡੀਅਮ ਦਾ ਕੰਮ ਸ਼ੁਰੂ
ਬਨੂੜ (ਪੱਤਰ ਪ੍ਰੇਰਕ): ਪਿੰਡ ਨੱਗਲ ਸਲੇਮਪੁਰ ਵਿੱਚ ਪੰਜ ਏਕੜ ਥਾਂ ਵਿੱਚ ਬਣਨ ਵਾਲੇ ਪੇਂਡੂ ਖੇਡ ਸਟੇਡੀਅਮ ਦਾ ਕੰਮ ਅਰੰਭ ਹੋ ਗਿਆ ਹੈ। ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਸ ਦਾ ਨੀਂਹ ਪੱਥਰ ਰੱਖਿਆ। ਸ੍ਰੀ ਕੰਬੋਜ ਨੇ ਆਖਿਆ ਕਿ ਇਸ ਖੇਡ ਸਟੇਡੀਅਮ ਲਈ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਦਾ ਦਸ ਪਿੰਡਾਂ ਦੇ ਖਿਡਾਰੀਆਂ ਨੂੰ ਲਾਭ ਹੋਵੇਗਾ ਤੇ ਇਸ ਵਿੱਚ ਹਰ ਤਰ੍ਹਾਂ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਇਸ ਮੌਕੇ ਨਿਰਭੈ ਸਿੰਘ ਮਿਲਟੀ, ਨੈਬ ਸਿੰਘ ਮਨੌਲੀ ਸੂਰਤ, ਕੁਲਵਿੰਦਰ ਸਿੰਘ ਭੋਲਾ, ਸਰਪੰਚ ਰਿਸ਼ੀ ਪਾਲ, ਨਿਰਮਲ ਸਿੰਘ, ਨੇ ਵੀ ਸੰਬੋਧਨ ਕੀਤਾ।