ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਮਈ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਗਈ ਹੈ ਪਰ ਸਰਕਾਰੀ ਸਕੂਲਾਂ ਵਿੱਚ ਕਮਰੇ ਘੱਟ ਗਏ ਹਨ। ਸਕੂਲ ਮੁਖੀਆਂ ਨੇ ਇਸ ਸਮੱਸਿਆ ਦੇ ਹੱਲ ਲਈ ਪਿਛਲੇ ਮਹੀਨੇ ਡਾਇਰੈਕਟਰ ਸਕੂਲ ਮੁਖੀ ਨਾਲ ਮੁਲਾਕਾਤ ਕੀਤੀ ਸੀ ਜਿਸ ਕਾਰਨ ਸਿੱਖਿਆ ਵਿਭਾਗ ਵਲੋਂ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਪੁੱਛਿਆ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਸਕੂਲ ਵਿਚ ਕਿੰਨੇ ਕਮਰੇ ਲੋੜੀਂਦੇ ਹਨ ਜਿਸ ਦੀ ਵਿਸਥਾਰਤ ਰਿਪੋਰਟ ਸਕੱਤਰੇਤ ਭੇਜੀ ਜਾਵੇਗੀ। ਵਿਭਾਗ ਵਲੋਂ ਇਸ ਤੋਂ ਬਾਅਦ ਵੇਰਵੇ ਇੰਜਨੀਅਰਿੰਗ ਵਿਭਾਗ ਨੂੰ ਭੇਜੇ ਜਾਣਗੇ ਤੇ ਸਕੂਲਾਂ ਵਿੱਚ ਨਵੇਂ ਕਮਰੇ ਉਸਾਰ ਕੇ ਆਧੁਨਿਕ ਦਿੱਖ ਦਿੱਤੀ ਜਾਵੇਗੀ।
ਇਹ ਵੀ ਪਤਾ ਲੱਗਾ ਹੈ ਕਿ ਸਿੱਖਿਆ ਅਧਿਕਾਰੀਆਂ ਦੀ ਟੀਮ ਸਕੂਲਾਂ ਦੀ ਜਾਂਚ ਵੀ ਕਰੇਗੀ ਕਿ ਕਿੱਥੇ ਸਮੱਸਿਆ ਜ਼ਿਆਦਾ ਹੈ। ਇਥੋਂ ਦੇ ਲਗਪਗ ਸਾਰੇ ਹੀ ਸਕੂਲਾਂ ਵਿਚ ਇਸ ਵੇਲੇ ਕਮਰੇ ਘੱਟ ਪੈ ਗਏ ਹਨ ਤੇ ਪੈਰਾਫੇਰੀ ਦੇ ਕਈ ਸਕੂਲਾਂ ਵਿਚ ਕਮਰਿਆਂ ਦੀ ਹਾਲਤ ਵੀ ਖਸਤਾ ਹੈ। ਕਈ ਸਕੂਲਾਂ ਵਿਚ ਕਮਰਿਆਂ ਦੇ ਹਿਸਾਬ ਨਾਲ ਜ਼ਿਆਦਾ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਸਨ। ਬਾਕੀ ਦੇ ਸਕੂਲਾਂ ਵਿਚ ਫਰਨੀਚਰ ਖਸਤਾ ਹਾਲ ਹੈ।
ਇੰਜਨੀਅਰਿੰਗ ਵਿਭਾਗ ਦੀ ਟੀਮ ਵੀ ਕਰੇਗੀ ਸਰਵੇਖਣ: ਸੂਤਰਾਂ ਅਨੁਸਾਰ ਯੂਟੀ ਦੇ ਇੰਜਨੀਅਰਿੰਗ ਵਿਭਾਗ ਦੀ ਟੀਮ ਇਨ੍ਹਾਂ ਸਕੂਲਾਂ ਵਿਚ ਜਾ ਕੇ ਸਰਵੇਖਣ ਕਰੇਗੀ ਕਿ ਸਕੂਲਾਂ ਵਿਚ ਕੀ-ਕੀ ਕਮੀਆਂ ਹਨ ਤੇ ਇਨ੍ਹਾਂ ਦੇ ਸੁਧਾਰ ਲਈ ਕਿੰਨੇ ਪੈਸੇ ਦੀ ਲੋੜ ਹੈ। ਇਨ੍ਹਾਂ ਸਕੂਲਾਂ ਵਿਚ ਕਿੰਨੇ ਬੱਚੇ ਹਨ ਤੇ ਉਥੇ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਕਿਸ ਸਕੂਲ ਵਿਚ ਕਿੰਨੇ ਕਮਰੇ ਹਨ ਤੇ ਕੀ ਉਨ੍ਹਾਂ ਦਾ ਅਕਾਰ ਵਿਦਿਆਰਥੀਆਂ ਦੇ ਅਨੁਸਾਰ ਠੀਕ ਹੈ।
ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦਾ ਰੁਝਾਨ ਵਧਿਆ
ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਈ ਸਕੂਲ ਪਹਿਲਾਂ ਪ੍ਰਾਇਮਰੀ ਪੱਧਰ ਦੇ ਸਨ ਜੋ ਅਪਗਰੇਡ ਹੋ ਕੇ ਹਾਈ ਸਕੂਲ ਬਣ ਗਏ ਹਨ। ਪਹਿਲਾਂ ਕਈ ਸਕੂਲਾਂ ਵਿਚ ਚਾਰ-ਪੰਜ ਸੌ ਬੱਚੇ ਹੁੰਦੇ ਸਨ ਪਰ ਹੁਣ ਉਨ੍ਹਾਂ ਸਕੂਲਾਂ ਵਿਚ ਹੀ 1500 ਦੇ ਕਰੀਬ ਬੱਚੇ ਹਨ ਪਰ ਕਲਾਸ ਰੂਮ ਪਹਿਲਾਂ ਵਾਲੇ ਹੀ ਹਨ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਵੱਡੀ ਗਿਣਤੀ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖਲਾ ਲਿਆ ਹੈ ਜਿਸ ਕਾਰਨ ਸਕੂਲਾਂ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਦਾਖਲੇ ਵੀਹ ਫੀਸਦ ਤਕ ਵਧ ਗਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਮੁਖੀਆਂ ਕੋਲੋਂ ਵੇਰਵੇ ਮੰਗੇ ਹਨ ਕਿ ਉਨ੍ਹਾਂ ਦੇ ਸਕੂਲਾਂ ਵਿਚ ਕਿੰਨੇ ਵਿਦਿਆਰਥੀ ਹਨ ਤੇ ਇਸ ਵੇਲੇ ਕਿੰਨੇ ਕਲਾਸਰੂਮ ਹਨ ਤੇ ਉਨ੍ਹਾਂ ਨੂੰ ਹੋਰ ਕਿੰਨੇ ਕਲਾਸ ਰੂਮ ਲੋੜੀਂਦੇ ਹਨ।