ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਾਰਚ
ਸ਼ਹਿਰ ਵਿੱਚ ਚੋਰੀ ਅਤੇ ਝਪਟਮਾਰੀ ਦੀਆਂ ਅੱਧਾ ਦਰਜਨ ਵਾਰਦਾਤਾਂ ਵਾਪਰੀਆਂ ਹਨ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਡੱਡੂਮਾਜਰਾ ਕਲੋਨੀ ਵਿੱਚ ਵਾਪਰੀ ਹੈ ਜਿੱਥੇ ਘਰ ਵਿੱਚ ਅਲਮਾਰੀ ਦੇ ਤਾਲੇ ਤੋੜ ਕੇ ਚੋਰ ਸੋਨੇ/ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ ਹਨ। ਇਸ ਬਾਰੇ ਘਰ ਦੀ ਮਾਲਕਨ ਔਰਤ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਹ 15 ਮਾਰਚ ਤੋਂ 22 ਮਾਰਚ ਤੱਕ ਬਾਹਰ ਗਈ ਹੋਈ ਸੀ। ਇਸੇ ਦੌਰਾਨ ਕੋਈ ਘਰ ਵਿੱਚੋਂ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਿਆ।
ਦੂਜੀ ਘਟਨਾ ਈਡਬਲਯੂਐੱਸ ਕਲੋਨੀ ਧਨਾਸ ਵਿੱਚ ਵਾਪਰੀ ਹੈ ਜਿੱਥੇ ਚੋਰ ਘਰ ਵਿੱਚੋਂ ਐੱਲਈਡੀ, 2 ਗੈਸ ਸਿਲੰਡਰ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਇਸ ਬਾਰੇ ਉਮਾ ਸ਼ੰਕਰ ਨੇ ਸਾਰੰਗਪੁਰ ਦੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।
ਸੈਕਟਰ-45-ਏ ਵਿੱਚੋਂ ਗੁਜ਼ਰ ਰਹੀ ਔਰਤ ਦੀ ਚੇਨ ਦੋ ਮੋਟਰਸਾਈਕਲ ਸਵਾਰ ਝਪਟ ਲਈ। ਇਸ ਬਾਰੇ ਪੀੜਤਾ ਦੇ ਪਤੀ ਬਸੰਤ ਲਾਲ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਇਸੇ ਤਰ੍ਹਾਂ ਸੈਕਟਰ-47 ਬੀ ਵਿੱਚੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਪ੍ਰਦੀਪ ਕੁਮਾਰ ਵਾਸੀ ਫੇਜ਼-2 ਰਾਮ ਦਰਬਾਰ ਦਾ ਮੋਬਾਈਲ ਫੋਨ ਝਪਟ ਕੇ ਫ਼ਰਾਰ ਹੋ ਗਏ ਹਨ।
ਕਮਿਊਨਿਟੀ ਸੈਂਟਰ ਸੈਕਟਰ-40 ਦੀ ਪਾਰਕਿੰਗ ਵਿੱਚੋਂ ਸਾਗਰ ਵਾਸੀ ਸੈਕਟਰ-38 ਵੈਸਟ ਦਾ ਮੋਟਰਸਾਈਕਲ ਚੋਰੀ ਹੋ ਗਿਆ ਜਦਕਿ ਮੁਹਾਲੀ ਦੀ ਵਸਨੀਕ ਔਰਤ ਦਾ ਐਕਟਿਵਾ ਸੈਕਟਰ-41 ਡੀ ਦੀ ਏਕਤਾ ਮਾਰਕੀਟ ਵਿੱਚੋਂ ਚੋਰੀ ਹੋ ਗਿਆ ਹੈ। ਪੁਲੀਸ ਨੇ ਇਨ੍ਹਾਂ ਮਾਮਲਿਆਂ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ਦੇ ਬਾਹਰ ਖੜ੍ਹੇ ਵਿਅਕਤੀ ਦੀ ਸੋਨੇ ਦੀ ਚੇਨ ਝਪਟੀ
ਐਸ.ਏ.ਐਸ. ਨਗਰ (ਮੁਹਾਲੀ): ਇੱਥੋਂ ਦੇ ਸੈਕਟਰ-70 ਦੇ ਵਸਨੀਕ ਅਤੇ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਦਿਨੇਸ਼ ਸੁਦਰਸ਼ਨ ਸੋਹੀ ਦੇ ਗਲੇ ’ਚੋਂ ਅਣਪਛਾਤੇ ਵਿਅਕਤੀ ਨੇ ਢਾਈ ਤੋਲੇ ਦੀ ਸੋਨੇ ਦੀ ਚੇਨ ਝਪਟ ਲਈ। ਜਦੋਂ ਇਹ ਵਾਰਦਾਤ ਵਾਪਰੀ ਉਸ ਸਮੇਂ ਪੀੜਤ ਵਿਅਕਤੀ ਆਪਣੇ ਘਰ ਦੇ ਬਾਹਰ ਫੋਨ ’ਤੇ ਗੱਲ ਕਰਦਾ ਘੁੰਮ ਰਿਹਾ ਸੀ। ਮੁਲਜ਼ਮ ਇਕ ਕਾਲੇ ਰੰਗ ਦੇ ਪਲਸਰ ਮੋਟਰ ਸਾਈਕਲ ’ਤੇ ਸਵਾਰ ਸਨ ਅਤੇ ਉਨ੍ਹਾਂ ਨੇ ਆਪਣੀ ਪਛਾਣ ਛੁਪਾਉਣ ਲਈ ਸਿਰ ਉੱਤੇ ਹੈਲਮਟ ਪਾਏ ਹੋਏ ਸੀ। ਪੀੜਤ ਵਿਅਕਤੀ ਨੇ ਮੁਹਾਲੀ ਪੁਲੀਸ ਨੂੰ ਚੇਨ ਸਨੈਚਿੰਗ ਬਾਰੇ ਸ਼ਿਕਾਇਤ ਦੇ ਦਿੱਤੀ ਹੈ ਅਤੇ ਇਸ ਸਬੰਧੀ ਮਟੌਰ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ