ਵਿਵੇਕ ਸ਼ਰਮਾ
ਚੰਡੀਗੜ੍ਹ, 2 ਜੂਨ
ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਦੀਆਂ ਘਟਨਾਵਾਂ ਨਾਲ ਦਹਿਸ਼ਤ ਫੈਲ ਗਈ ਹੈ। ਸਾਰੇ ਅਪਰਾਧਾਂ ਵਿੱਚ ਜਾਅਲੀ ਨੰਬਰ ਪਲੇਟਾਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਵਾਹਨਾਂ ‘ਤੇ ਕਾਲੇ ਸ਼ੀਸ਼ੇ ਲਗਾਏ ਹੋਏ ਸਨ, ਜਿਸ ਕਾਰਨ ਅਪਰਾਧੀ ਪੁਲੀਸ ਦੀ ਪਹੁੰਚ ਤੋਂ ਬਾਹਰ ਹਨ। ਪੰਜਾਬ ਵਿੱਚ 40 ਲੱਖ ਅਜਿਹੇ ਵਾਹਨ ਹਨ, ਜਿਨ੍ਹਾਂ ਦੀ ਕੁੰਡਲੀ ਪੁਲੀਸ ਅਤੇ ਟਰਾਂਸਪੋਰਟ ਵਿਭਾਗ ਕੋਲ ਨਹੀਂ ਹੈ। ਇਸ ਲਈ ਭਾਰਤ ਸਰਕਾਰ ਦੇ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਦੇ ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾ. ਕਮਲ ਸੋਈ ਨੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਮਿਸ਼ਨ ਸੇਫ਼ ਪੰਜਾਬ ਚਲਾਇਆ ਹੈ। ਉਨ੍ਹਾਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਹੈ। ਪੰਜਾਬ ਵਿੱਚ ਵਾਹਨਾਂ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟ (ਐੱਚਐੱਸਆਰਪੀ) ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਜ਼ਿਆਦਾਤਰ ਅਪਰਾਧਾਂ ਵਿੱਚ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਪਰ ਜਾਅਲੀ ਨੰਬਰ ਪਲੇਟਾਂ ਹੋਣ ਕਾਰਨ ਅਪਰਾਧੀ ਆਸਾਨੀ ਨਾਲ ਫ਼ਰਾਰ ਹੋ ਜਾਂਦੇ ਹਨ। ਪੰਜਾਬ ਵਿਚ ਇਸ ਸਮੇਂ 40 ਲੱਖ ਅਜਿਹੇ ਵਾਹਨ ਹਨ, ਜਿਨ੍ਹਾਂ ‘ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਹਨ, ਜਿਸ ਕਾਰਨ ਵਾਰਦਾਤਾਂ ਹੋ ਰਹੀਆਂ ਹਨ।