ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਕਤੂਬਰ
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਇਲੈਕਟ੍ਰਿਕ ਵਹੀਕਲ ਖਰੀਦਣ ਵਾਲਿਆਂ ਨੂੰ ਇਨਸੈਂਟਿਵ (ਪ੍ਰੋਤਸ਼ਾਹਨ ਰਾਸ਼ੀ) ਦਾ ਭੁਗਤਾਨ 15 ਦਿਨਾਂ ਵਿੱਚ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਇਹ ਆਦੇਸ਼ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਹੀਕਲ ਪਾਲਸੀ 20 ਸਤੰਬਰ ਨੂੰ ਜਾਂ ਉਸ ਤੋਂ ਬਾਅਦ ਖਰੀਦੇ ਗਏ ਵਾਹਨਾਂ ’ਤੇ ਲਾਗੂ ਹੋਵੇਗੀ।
ਸਲਾਹਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਦੋਪਹੀਆ ਇਲੈਕਟ੍ਰਿਕ ਵਾਹਨ, ਤਿੰਨ ਪਹੀਆ ਇਲੈਕਟ੍ਰਿਕ ਵਾਹਨ (ਵਪਾਰਕ ਅਤੇ ਯਾਤਰੀ), ਚਾਰ ਪਹੀਆ ਇਲੈਕਟ੍ਰਿਕ ਵਾਹਨ (ਵਪਾਰਕ), ਈ-ਕਾਰਾਂ ਅਤੇ ਈ-ਸਾਈਕਲਾਂ ਦੇ ਨਵੇਂ ਖਰੀਦਦਾਰਾਂ ਨੂੰ ਉਤਸ਼ਾਹਿਤ ਕਰਨ ਲਈ ਇਨਸੈਂਟਿਵ ਦੇਣ ਵਾਲੀ ਯੋਜਨਾ ਅਧੀਨ ਲਿਆਂਦਾ ਗਿਆ ਹੈ। ਇਸ ਸਕੀਮ ਤਹਿਤ ਲਾਭ ਚੰਡੀਗੜ੍ਹ ਦੇ ਵਸਨੀਕਾਂ ਅਤੇ ਚੰਡੀਗੜ੍ਹ ਆਰਐੱਲਏ ਕੋਲ ਰਜਿਸਟਰ ਕਰਵਾਉਣ ਵਾਲੇ ਲੋਕਾਂ ਨੂੰ ਹੀ ਮਿਲ ਸਕੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਇਲੈਕਟ੍ਰਿਕ ਵਹੀਕਲ ਪਾਲਸੀ 5 ਸਾਲਾਂ ਲਈ ਤਿਆਰ ਕੀਤੀ ਹੈ ਤਾਂ ਜੋ ਸ਼ਹਿਰ ’ਚ 100 ਫ਼ੀਸਦ ਇਲੈਕਟ੍ਰਿਕ ਵਾਹਨ ਦੀ ਮੌਜੂਦਗੀ ਯਕੀਨੀ ਬਣਾਈ ਜਾ ਸਕੇ। ਯੂਟੀ ਪ੍ਰਸ਼ਾਸਨ ਅਨੁਸਾਰ ਨਵੇਂ ਇਲੈਕਟ੍ਰਿਕ ਵਾਹਨਾਂ ਦੀ ਖਰੀਦ ’ਤੇ ਸਬਸਿਡੀ ਲੈਣ ਲਈ ਸ਼ੁਰੂਆਤੀ ਸਮੇਂ ਆਫਲਾਈਨ ਮੋਡ ਰਾਹੀ ਚੀਫ਼ ਐਗਜ਼ੀਕਿਊਟਿਵ ਅਫ਼ਸਰ, ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਤੇ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ ਦੇ ਸੈਕਟਰ-19 ਵਿਚਲੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਚਾਹੀਦਾ ਹੈ ਜਦੋਂ ਕਿ ਕੁਝ ਸਮੇਂ ਬਾਅਦ ਇਸ ਨੂੰ ਆਨਲਾਈਨ ਚਾਲੂ ਕਰ ਦਿੱਤਾ ਜਾਵੇਗਾ।
ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਤੇ ਟੈਕਨਾਲੋਜੀ ਦੇ ਸੀਈਓ ਦੇਬੇਂਦਰ ਦਲਾਈ ਨੇ ਕਿਹਾ ਕਿ ਇਲੈਕਟ੍ਰਿਕ ਵਹੀਕਲ ਦੀ ਖਰੀਦ ਕਰਨ ਵਾਲੇ ਲੋਕਾਂ ਨੂੰ ਦਸਤਾਵੇਜ਼ਾਂ ਦੀ ਮਨਜ਼ੂਰੀ ਦੇ 15 ਦਿਨਾਂ ਦੇ ਅੰਦਰ-ਅੰਦਰ ਉਤਸ਼ਾਹਿਤ ਕਰਨ ਲਈ ਭੱਤਾ ਜਾਰੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਗਲਤ ਤੱਥਾ ਦੇ ਆਧਾਰ ’ਤੇ ਸਹਾਇਤਾ ਲੈਣ ਦਾ ਦਾਅਵਾ ਕਰਦਾ ਹੈ ਤਾਂ 14 ਫ਼ੀਸਦ ਪ੍ਰਤੀ ਸਾਲ ਦੇ ਹਿਸਾਬ ਨਾਲ ਵਸੂਲੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।