ਆਤਿਸ਼ ਗੁਪਤਾ
ਚੰਡੀਗੜ੍ਹ, 9 ਅਕਤੂਬਰ
ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੰਡੀਗੜ੍ਹ ਦੇ ਸੈਕਟਰ-9 ਵਿੱਚ ਸਥਿਤ ਯੂਟੀ ਦੇ ਨਵੇਂ ਸਕੱਤਰੇਤ ਦਾ ਉਦਘਾਟਨ ਕੀਤਾ। ਰਾਸ਼ਟਰਪਤੀ ਨੇ ਸਮਾਰਟ ਗਰਿੱਡ ਪ੍ਰਾਜੈਕਟ ਅਤੇ ਸ਼ਹਿਰ ਦੇ ਵਿਕਾਸ ਲਈ ਕਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਸੰਸਦ ਮੈਂਬਰ ਕਿਰਨ ਖੇਰ, ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਤੇ ਮੇਅਰ ਸਰਬਜੀਤ ਕੌਰ ਹਾਜ਼ਰ ਰਹੇ।
ਸੈਕਟਰ-9 ਵਿੱਚ ਯੂਟੀ ਸਕੱਤਰੇਤ ਦੀ ਨਵੀਂ ਇਮਾਰਤ 2.36 ਏਕੜ ਜ਼ਮੀਨ ’ਤੇ ਤਿਆਰ ਕੀਤੀ ਗਈ ਹੈ, ਜਿਸ ’ਤੇ 214816 ਵਰਗ ਫੁੱਟ ਥਾਂ ’ਤੇ 6 ਮੰਜ਼ਲਾ ਇਮਾਰਤ ਖੜ੍ਹੀ ਕੀਤੀ ਗਈ ਹੈ। ਇਸ ਵਿੱਚ 78 ਕਾਰਾਂ ਅਤੇ 76 ਦੋਪਹੀਆਂ ਵਾਹਨਾਂ ਨੂੰ ਖੜ੍ਹਾਉਣ ਦੀ ਸਮਰੱਥਾ ਹੋਵੇਗੀ। ਸਕੱਤਰੇਤ ਦੀ ਨਵੀਂ ਇਮਾਰਤ ਨੂੰ ਪੰਜ ਤਾਰਾ ਗ੍ਰਹਿ ਦਰਜਾਬੰਦੀ ਦੇ ਮਿਆਰਾਂ ਨੂੰ ਪ੍ਰਾਪਤ ਕੀਤਾ ਜਾਵੇਗਾ। ਨਵੀਂ ਇਮਾਰਤ ਵਿੱਚ ਯੂਟੀ ਦੇ ਵੱਡੀ ਗਿਣਤੀ ਦਫ਼ਤਰ ਬਣਾਏ ਗਏ ਹਨ ਅਤੇ ਮਲਟੀਪਰਪਜ਼ ਹਾਲ, ਕਾਨਫਰੰਸ ਰੂਮ, ਜਿੰਮ ਅਤੇ ਪੋਸਟ ਆਫਿਸ ਤਿਆਰ ਕੀਤਾ ਗਿਆ ਹੈ। ਇਸ ਇਮਾਰਤ ਦਾ ਨੀਂਹ ਪੱਥਰ ਸਾਲ 2007 ’ਚ ਰੱਖਿਆ ਗਿਆ ਸੀ ਜਿਸ ਦੀ ਸ਼ੁਰੂਆਤ ਸਾਲ 2018 ਵਿੱਚ ਕੀਤੀ ਗਈ ਸੀ। ਇਸ ਦੇ ਨਿਰਮਾਣ ’ਤੇ 80 ਕਰੋੜ ਰੁਪਏ ਦੀ ਲਾਗਤ ਆਈ ਹੈ। ਰਾਸ਼ਟਰਪਤੀ ਨੇ ਸਮਾਰਟ ਗਰਿੱਡ ਪ੍ਰਾਜੈਕਟ ਦਾ ਉਦਘਾਟਨ ਕੀਤਾ ਜੋ ਚੰਡੀਗੜ੍ਹ ਬਿਜਲੀ ਵਿਭਾਗ ਦੇ ਸਬ ਡਵੀਜ਼ਨ ਨੰਬਰ-5 ਵਿੱਚ ਲਾਗੂ ਕੀਤਾ ਹੈ, ਜਿਸ ਵਿੱਚ ਸੈਕਟਰ-29, 32, ਇੰਡਸਟਰੀਅਲ ਏਰੀਆ ਫੇਜ਼-1 ਤੇ 2, ਰਾਮ ਦਰਬਾਰ, ਸੈਕਟਰ- 47, 48 ਅਤੇ ਹੋਰ ਕਈ ਇਲਾਕੇ ਸ਼ਾਮਲ ਹਨ। ਇਸ ਪ੍ਰਾਜੈਕਟ ਤਹਿਤ 2,213 ਸਮਾਰਟ ਮੀਟਰ ਲਗਾਏ ਗਏ ਹਨ, ਜਿਸ ਨਾਲ ਹੱਥੀਂ ਰੀਡਿੰਗ ਦੀਆਂ ਗਲਤੀਆਂ ਤੋਂ ਇਲਾਵਾ ਮਨੁੱਖੀ ਸ਼ਕਤੀਆਂ ਦੀ ਲਾਗਤ ਵਿੱਚ ਭਾਰੀ ਬੱਚਤ ਹੋਵੇਗੀ। ਸ੍ਰੀਮਤੀ ਮੁਰਮੂ ਨੇ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਹੈ, ਜੋ ਹਸਪਤਾਲ ਵਿੱਚ ਪੈਦਾ ਹੋਣ ਵਾਲੇ 1.5 ਮਿਲੀਅਨ ਲਿਟਰ ਪ੍ਰਤੀ ਦਿਨ ਗੰਦੇ ਪਾਣੀ ਨੂੰ ਸਾਫ ਕਰੇਗਾ। ਇਸ ਦੇ ਨਾਲ ਹੀ ਕਿਸ਼ਨਗੜ੍ਹ ਵਿੱਚ ਸੁਖਨਾ ਝੀਲ ਦੇ ਕੰਢੇ ਤਿਆਰ ਕੀਤੇ ਗਏ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ।
ਨਵੀਂ ਇਮਾਰਤ ਵਿੱਚ ਹੋਣਗੇ ਕਈ ਦਫ਼ਤਰ ਤਬਦੀਲ
ਯੂਟੀ ਸਕੱਤਰੇਤ ਦੀ ਨਵੀਂ ਇਮਾਰਤ ਵਿੱਚ ਕਈ ਦਫ਼ਤਰ ਤਬਦੀਲ ਕੀਤੇ ਜਾਣਗੇ। ਇਸ ਵਿੱਚ ਕਰ ਅਤੇ ਆਬਕਾਰੀ ਵਿਭਾਗ, ਸਿਹਤ ਵਿਭਾਗ, ਬਲਾਕ ਵਿਕਾਸ ਅਤੇ ਪੰਚਾਇਤਾ, ਯੂਟੀ ਦਾ ਪਸ਼ੂ ਪਾਲਣ ਤੇ ਮੱਛੀ ਪਾਲਣ ਵਿਭਾਗ ਦੇ ਦਫ਼ਤਰ ਤਬਦੀਲ ਕੀਤੇ ਜਾਣਗੇ। ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਸੈਕਟਰ-17, 19 ਅਤੇ 22 ਵਿੱਚ ਸਥਿਤ ਵੱਖ-ਵੱਖ ਦਫ਼ਤਰਾਂ ਨੂੰ ਸੈਕਟਰ-9 ’ਚ ਬਣਾਈ ਨਵੀਂ ਇਮਾਰਤ ਵਿੱਚ ਤਬਦੀਲ ਕਰਨ ਜਾ ਰਿਹਾ ਹੈ।