ਪੱਤਰ ਪ੍ਰੇਰਕ
ਚੰਡੀਗੜ੍ਹ, 12 ਅਪਰੈਲ
ਯੂਟੀ ਦੇ ਸਿਹਤ ਵਿਭਾਗ ਵੱਲੋਂ ਅੱਜ ਪਿੰਡ ਮਲੋਆ ਸਥਿਤ ਈ.ਡਬਲਿਯੂ.ਐੱਸ. ਕਾਲੋਨੀ ਵਿੱਚ ਸਥਾਪਿਤ ਕੀਤੇ ਹੈਲਥ ਐਂਡ ਵੈੱਲਨੈੱਸ ਸੈਂਟਰ ਦਾ ਉਦਘਾਟਨ ਅੱਜ ਗਵਰਨਰ ਪੰਜਾਬ ਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਵੱਲੋਂ ਵਰਚੂਅਲ ਢੰਗ ਨਾਲ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਪ੍ਰਿੰਸੀਪਲ ਸਕੱਤਰ ਸਿਹਤ ਅਰੁਣ ਗੁਪਤਾ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ, ਚੀਫ ਇੰਜਨੀਅਰ ਓਝਾ ਤੇ ਕੌਂਸਲਰ ਰਾਜੇਸ਼ ਕਾਲੀਆ ਵੀ ਹਾਜ਼ਰ ਸਨ।
ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਦੋ ਮੈਡੀਕਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਵਿਭਾਗ ਵੱਲੋਂ ਸਿਹਤ ਸੇਵਾਵਾਂ ਵਿੱਚ ਜੱਚਾ-ਬੱਚਾ ਸਿਹਤ ਸੰਭਾਲ, ਅੱਖਾਂ, ਈਐਨਟੀ, ਦੰਦਾਂ ਦੀ ਸੰਭਾਲ, ਐਮਰਜੈਂਸੀ ਸੇਵਾਵਾਂ, ਮਨੋਰੋਗ, ਪਰਿਵਾਰ ਨਿਯੋਜਨ ਆਦਿ ਸਣੇ ਹੋਰ ਸੇਵਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਸੈਂਟਰ ਵਿੱਚ ਰੋਜ਼ਾਨਾ 100 ਤੋਂ 150 ਦੇ ਕਰੀਬ ਮਰੀਜ਼ਾਂ ਨੂੰ ਓਪੀਡੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਦੰਦਾਂ ਦੇ ਇਲਾਜ ਲਈ ਡੈਂਟਲ ਚੇਅਰ ਵੀ ਸਥਾਪਿਤ ਕੀਤੀ ਗਈ ਹੈ। ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਸੈਂਟਰ ਵਿੱਚ ਦੋ ਮੈਡੀਕਲ ਅਫ਼ਸਰਾਂ, ਇੱਕ ਫਾਰਮਾਸਿਸਟ, ਲੈਬ ਤਕਨੀਸ਼ੀਅਨ, ਤਿੰਨ ਨਰਸਾਂ ਤਾਇਨਾਤ ਕੀਤੀਆਂ ਗਈਆਂ ਹਨ। ਸੈਂਟਰ ਵਿੱਚ ਕੋਵਿਡ ਟੀਕਾਕਰਨ ਦੀ ਸੁਵਿਧਾ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।