ਮੁਕੇਸ਼ ਕੁਮਾਰ
ਚੰਡੀਗੜ੍ਹ, 29 ਦਸੰਬਰ
ਮੇਅਰ ਰਾਜ ਬਾਲਾ ਮਲਿਕ ਨੇ ਮਨੀਮਾਜਰਾ ਦੇ ਨਗਲਾ ਮੁਹੱਲਾ ਵਿੱਚ ਨਵੀਂ ਵਿਕਸਤ ਕੀਤੀ ਗ੍ਰੀਨ ਬੈਲਟ (ਪਾਰਕ) ਦਾ ਉਦਘਾਟਨ ਕੀਤਾ। ਇਸ ਦੌਰਾਨ ਮੇਅਰ ਨੇ ਨਗਰ ਨਿਗਮ ਦੇ ਇੰਜਨੀਅਰਿੰਗ ਵਿਭਾਗ
ਸਮੇਤ ਬਾਗਬਾਨੀ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਲਈ ਕਾਰਜ ਕੀਤੇ ਜਾ ਰਹੇ ਹਨ, ਇਥੇ ਬਣਾਈ ਗਈ ਇਹ ਗ੍ਰੀਨ ਬੈਲਟ ਵੀ ਇਲਾਕਾ ਵਾਸੀਆਂ ਨੂੰ ਨਵੇਂ ਸਾਲ ਉਤੇ ਤੋਹਫ਼ਾ ਹੈ।
ਉਨ੍ਹਾਂ ਕਿਹਾ ਕਿ ਗ੍ਰੀਨ ਬੈਲਟ ਦੇ ਬਣਨ ਨਾਲ ਆਲੇ ਦੁਆਲੇ ਦੇ ਵਸਨੀਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸੈਰ ਕਰਨ ਅਤੇ ਖੁੱਲ੍ਹੇ ਵਿੱਚ ਕਸਰਤ ਦੀ ਸਹੂਲਤ ਉਪਲਬਧ ਹੋਵੇਗੀ। ਮੇਅਰ ਨੇ ਕਿਹਾ ਕਿ ਗ੍ਰੀਨ ਬੈਲਟ ਦੀ ਸੰਭਾਲ ਦੀ ਜ਼ਿੰਮੇਵਾਰੀ ਸਥਾਨਕ ਲੋਕਾਂ ਦੀ ਬਣਦੀ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਤੇ ਇਲਾਕਾ ਕੌਂਸਲਰ ਜਗਤਾਰ ਸਿੰਘ ਜੱਗਾ, ਨਗਰ ਨਿਗਮ ਦੇ ਚੀਫ ਇੰਜਨੀਅਰ ਸ਼ੈਲੇਂਦਰ ਸਿੰਘ, ਬਾਗਵਾਨੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਜੰਗਸ਼ੇਰ ਸਿੰਘ ਸਣੇ ਸੀਨੀਅਰ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
ਗ੍ਰੀਨ ਬੈਲਟ ਨੇੜਲੀ ਥਾਂ ਦੀ ਸਫ਼ਾਈ ਤੋਂ ਲੋਕ ਖੁਸ਼
ਇਥੋਂ ਦੇ ਵਸਨੀਕ ਗ੍ਰੀਨ ਬੈਲਟ ਤੋਂ ਜ਼ਿਆਦਾ ਗ੍ਰੀਨ ਬੈਲਟ ਦੇ ਨਾਲ ਵਾਲੀ ਥਾਂ ਦੀ ਸਾਫ ਸਫਾਈ ਤੋਂ ਖੁਸ਼ ਸਨ, ਕਿਉਂਕਿ ਇਥੇ ਪਏ ਗੰਦਗੀ ਦੇ ਢੇਰ ਅਤੇ ਪਾਰਕਿੰਗ ਵਿੱਚ ਉੱਗੀ ਘਾਹ ਨੂੰ ਲੈ ਕੇ ਇਲਾਕਾ ਵਾਸੀ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਵਲੋਂ ਇਸ ਬਾਰੇ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਨਿਗਮ ਦੇ ਕਿਸੇ ਵੀ ਅਧਿਕਾਰੀ ਨੇ ਸਾਰ ਨਹੀਂ ਲਈ, ਪਰ ਅੱਜ ਇਥੇ ਗ੍ਰੀਨ ਬੈਲਟ ਦੇ ਉਦਘਾਟਨ ਕਾਰਨ ਇਲਾਕਾ ਵਾਸੀਆਂ ਦੀ ਲਾਟਰੀ ਖੁੱਲ੍ਹ ਗਈ, ਕਿਉਂਕਿ ਨਿਗਮ ਮੁਲਾਜ਼ਮਾਂ ਨੇ ਉਦਘਾਟਨ ਤੋਂ ਪਹਿਲਾਂ ਇਸ ਥਾਂ ਨੂੰ ਸਾਫ਼ ਕਰ ਦਿੱਤਾ ਸੀ।