ਹਰਜੀਤ ਸਿੰਘ
ਡੇਰਾਬੱਸੀ, 19 ਅਗਸਤ
ਇਥੋਂ ਦੇ ਤਹਿਸੀਲ ਕੰਪਲੈਕੇਸ ਦੇ ਨੇੜੇ ਖਾਲੀ ਪਈ ਕੈਟਲ ਪਾਊਂਡ ਵਾਲੀ ਥਾਂ ਵਿੱਚ ਅੱਜ ਇਕ ਫੈਮਿਲੀ ਕੋਰਟ ਦਾ ਉਦਘਾਟਨ ਸਹਾਇਕ ਸੈਸ਼ਨ ਜੱਜ ਸ਼ਿਖ਼ਾ ਗੋਇਲ ਨੇ ਕੀਤਾ। ਇਥੇ ਅਦਾਲਤ ਬਣਨ ਨਾਲ ਸਬ ਡਿਵੀਜ਼ਨ ਤਹਿਤ ਆਉਣ ਵਾਲੇ ਜ਼ੀਰਕਪੁਰ, ਢਕੋਲੀ, ਡੇਰਾਬੱਸੀ, ਲਾਲੜੂ ਅਤੇ ਹੰਡੇਸਰਾ ਥਾਣਿਆਂ ਅਧੀਨ ਵਸਦੇ ਲੋਕ ਆਪਣੇ ਪਰਿਵਾਰਕ ਝਗੜੇ ਦੇ ਹੱਲ ਲਈ ਡੇਰਾਬੱਸੀ ਦੀ ਇਸ ਅਦਾਲਤ ਵਿੱਚ ਪਹੁੰਚ ਕਰ ਸਕਦੇ ਹਨ।
ਮੈਡਮ ਗੋਇਲ ਨੇ ਕਿਹਾ ਕਿ ਅਦਾਲਤਾਂ ’ਚ ਪਰਿਵਾਰਕ ਝਗੜਿਆਂ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਸ ਨੂੰ ਦੇਖਦਿਆਂ ਡੇਰਾਬੱਸੀ ’ਚ ਫੈਮਿਲੀ ਕੋਰਟ ਸਥਾਪਤ ਕੀਤੀ ਗਈ ਹੈ, ਜਿਸ ਨਾਲ ਡੇਰਾਬਸੀ ਸਬ ਡਿਵੀਜ਼ਨ ਦੇ ਲੋਕਾਂ ਨੂੰ ਖੱਜਲ ਖੁਆਰੀ ਘਟੇਗੀ। ਹੁਣ ਤੱਕ ਪਰਿਵਾਰਕ ਝਗੜਿਆਂ ਨਾਲ ਜੁੜੇ ਮਾਮਲਿਆਂ ਵਿੱਚ ਉਕਤ ਥਾਵਾਂ ਦੇ ਲੋਕਾਂ ਨੂੰ ਹੁਣ ਮੁਹਾਲੀ ਜਾਣਾ ਪੈਂਦਾ ਸੀ। ਇਸ ਅਦਾਲਤ ’ਚ ਵੀਰਵਾਰ ਨੂੰ ਪਰਿਵਾਰਕ ਝਗੜਿਆਂ ਦੀ ਸੁਣਵਾਈ ਹੋਇਆ ਕਰੇਗੀ।