ਪੱਤਰ ਪ੍ਰੇਰਕ
ਬਨੂੜ, 2 ਨਵੰਬਰ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਗੋਬਿੰਦਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਤਿ-ਆਧੁਨਿਕ ਸਹੂਲਤਾਂ ਵਾਲੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਪਿੰਡ ਵਿੱਚ 21.50 ਲੱਖ ਦੀ ਲਾਗਤ ਨਾਲ ਬਣੀਆਂ ਗਲੀਆਂ-ਨਾਲੀਆਂ ਅਤੇ 25 ਲੱਖ ਦੇ ਖਰਚੇ ਨਾਲ ਉਸਾਰੀ ਗਈ ਪੁਲੀ ਦਾ ਉਦਘਾਟਨ ਵੀ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਆਖਿਆ ਕਿ ਪਿੰਡ ਗੋਬਿੰਦਗੜ੍ਹ ਦੇ ਵਿਕਾਸ ਉੱਤੇ 2 ਕਰੋੜ 80 ਲੱਖ ਖਰਚਿਆ ਜਾ ਰਿਹਾ ਹੈ ਅਤੇ ਪਿੰਡ ਵਿੱਚ ਕਈ ਕਾਰਜ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਨੂੰ ਸਮਾਰਟ ਪਿੰਡ ਸਕੀਮ ਅਧੀਨ ਵਿਕਸਿਤ ਕੀਤਾ ਜਾ ਰਿਹਾ ਹੈ ਤੇ ਵਿਕਾਸ ਕੰਮਾਂ ਵਿੱਚ ਅਣਗਹਿਲੀ ਅਤੇ ਗੁਣਵੱਤਾ ਦੀ ਘਾਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਸਿੱਧੂ ਨੇ ਆਖਿਆ ਕਿ ਪੰਜਾਬ ਸਰਕਾਰ, ਸਕੂਲਾਂ ਦੀਆਂ ਇਮਾਰਤਾਂ ਅਤੇ ਸਹੂਲਤਾਂ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੀਗੇਮਾਜਰਾ, ਕੁਰੜੀ, ਤੰਗੌਰੀ, ਲਾਂਡਰਾਂ, ਸਨੇਟਾ, ਮਨੌਲੀ ਆਦਿ ਸਕੂਲਾਂ ਲਈ ਵੀ ਵੱਡੀ ਪੱਧਰ ਉੱਤੇ ਗਰਾਟਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ।