ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 4 ਜੂਨ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਰੈਣ ਬਸੇਰੇ ’ਚ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ। ਮਿਹਰ ਫਾਊਂਡੇਸ਼ਨ ਨੇ ਸਹਿਯੋਗ ਨਾਲ ਖੋਲੇ ਗਏ ਇਸ ਕੇਂਦਰ ਵਿੱਚ ਫਿਲਹਾਲ 20 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਕੋਵਿਡ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ, ਮੈਡੀਕਲ ਆਕਸੀਜਨ, ਤਿੰਨ ਵਕਤ ਦੀ ਰੋਟੀ, ਸਾਫ਼ ਪਾਣੀ, ਬਿਸਤਰੇ ਦਿੱਤੇ ਜਾਣਗੇ। ਕੇਂਦਰ ਵਿੱਚ ਡਾਕਟਰ ਤੇ ਨਰਸਿੰਗ ਸਟਾਫ਼ 24 ਘੰਟੇ ਹਾਜ਼ਰ ਰਹੇਗਾ। ਸਿਹਤ ਮੰਤਰੀ ਨੇ ਕਿ ਕੋਵਿਡ ਮਹਾਮਾਰੀ ਦੌਰਾਨ ਸਰਕਾਰ ਦਾ ਮੁੱਖ ਮੰਤਵ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਯਕੀਨੀ ਕਰਨਾ ਹੈ ਜਿਸ ਵਾਸਤੇ ਸਮੁੱਚਾ ਪ੍ਰਸ਼ਾਸਨ ਪੂਰੀ ਮਿਹਨਤ ਤੇ ਲਗਨ ਨਾਲ ਡਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਕੋਵਿਡ ਟੀਕਾਕਰਨ ਚੱਲ ਰਿਹਾ ਹੈ।
ਕਰੋਨਾ ਸੈਂਪਲਿੰਗ ਤੇ ਸਰਵੇਖਣ ਦਾ ਕੰਮ ਮੁਕੰਮਲ
ਮੁਹਾਲੀ: ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਦੱਸਿਆ ਕਿ ‘ਮਿਸ਼ਨ ਫਤਿਹ-2’ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ 21 ਮਈ ਤੋਂ ਸ਼ੁਰੂ ਕੋਵਿਡ ਸੈਂਪਲਿੰਗ ਤੇ ਘਰ-ਘਰ ਸਰਵੇਖਣ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਵੇਖਣ ਦੌਰਾਨ ਆਸ਼ਾ ਵਰਕਰਾਂ ਸਮੇਤ ਸਿਹਤ ਟੀਮਾਂ ਨੇ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ ਘੜੂੰਆਂ, ਡੇਰਾਬੱਸੀ ਤੇ ਬੂਥਗੜ੍ਹ ਦੇ ਪਿੰਡਾਂ ’ਚ ਕੁਲ 1,49,891 ਘਰਾਂ ਵਿੱਚ ਜਾ ਕੇ 6,86,881 ਵਿਅਕਤੀਆਂ ਦੀ ਜਾਂਚ ਕੀਤੀ। ਇਸ ਦੌਰਾਨ ਕੁੱਲ 7,180 ਰੈਪਿਡ ਐਂਟੀਜ਼ਨ ਟੈਸਟ ਕੀਤੇ ਗਏ, ਜਿਨ੍ਹਾਂ ’ਚੋਂ 328 ਵਿਅਕਤੀ ਪਾਜ਼ੇਟਿਵ ਪਾਏ ਗਏ।