ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਅਗਸਤ
ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਕ ਆਜ਼ਾਦੀ ਦਿਵਸ ਮੌਕੇ ਇੱਥੋਂ ਦੇ ਫੇਜ਼-5 ਸਥਿਤ ਸੁਵਿਧਾ ਕੇਂਦਰ ਦੀ ਇਮਾਰਤ ਵਿੱਚ ‘ਆਮ ਆਦਮੀ ਕਲੀਨਿਕ’ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਮਾਲ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਆਪ ਦੇ ਸੀਨੀਅਰ ਆਗੂ ਬੱਬੀ ਬਾਦਲ, ਵਿਨੀਤ ਵਰਮਾ, ਡਾ. ਸੰਨ੍ਹੀ ਆਹਲੂਵਾਲੀਆ ਵੀ ਹਾਜ਼ਰ ਸਨ।
ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਰਕਾਰ ਦੇ ਇਸ ਲੋਕ ਹਿਤੈਸ਼ੀ ਉਪਰਾਲੇ ਨਾਲ ਲੋਕਾਂ ਨੂੰ ਘਰਾਂ ਨੇੜੇ ਇਲਾਜ ਸਬੰਧੀ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਹੋਣਗੀਆਂ। ਇਨ੍ਹਾਂ ਕਲੀਨਿਕਾਂ ਵਿੱਚ ਓਪੀਡੀ ਸੇਵਾਵਾਂ, ਟੀਕਾਕਰਨ, ਜਣੇਪਾ, ਪਰਿਵਾਰ ਨਿਯੋਜਨ ਦੀਆਂ ਸਹੂਲਤਾਂ, ਮੁਫ਼ਤ ਲੈਬ ਟੈਸਟ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦੇ 75ਵੇਂ ਵਰ੍ਹੇਗੰਢ ਮੌਕੇ ਪੰਜਾਬ ਵਿੱਚ ਅਜਿਹੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਜੋ ਕਿ ਆਪ ਸਰਕਾਰ ਦੀ ਬਹੁਤ ਵੱਡੀ ਕਾਮਯਾਬੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਕਲੀਨਿਕ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਮੈਡੀਕਲ ਅਫ਼ਸਰ, ਕਲੀਨਿਕ ਸਹਾਇਕ, ਫਾਰਮਾਸਿਸਟ, ਹੈਲਪਰ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ 41 ਕਿਸਮ ਦੇ ਮੈਡੀਕਲ ਟੈੱਸਟ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਐਸਡੀਐਮ ਸ੍ਰੀਮਤੀ ਸਰਬਜੀਤ ਕੌਰ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਆਪ ਆਗੂ ਸਰਬਜੀਤ ਸਿੰਘ ਪੰਧੇਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ।
ਫ਼ਤਹਿਗੜ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਪਿੰਡ ਛਲੇੜੀ ਖੁਰਦ ਵਿਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਇਹ ਕਲੀਨਿਕ ਖੋਲ੍ਹੇ ਜਾ ਰਹੇ ਹਨ ਉੱਥੇ ਪੁਰਾਣੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ ਤਾਂ ਜੋਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 3 ਕਲੀਨਿਕ ਖੋਲ੍ਹੇ ਗਏ ਹਨ ਜਿਨ੍ਹਾਂ ਵਿਚੋਂ 2 ਮੰਡੀ ਗੋਬਿੰਦਗੜ੍ਹ ਵਿਚ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿਚ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਸਹੂਲਤਾਂ ਮਿਲ ਸਕਣ। ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਡਿਪਟੀ ਕਮਿਸਨਰ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਅਤੇ ਸਿਵਲ ਸਰਜਨ ਡਾ. ਵਿਜੈ ਕੁਮਾਰ ਆਦਿ ਮੌਜੂਦ ਸਨ।