ਹਰਜੀਤ ਸਿੰਘ
ਜ਼ੀਰਕਪੁਰ, 21 ਅਪਰੈਲ
ਸ਼ਹਿਰ ਵਿੱਚ ਸ਼ਰਾਬ ਦੇ ਠੇਕੇਦਾਰ ਨਾਈਟ ਕਰਫਿਊ ਦੀ ਪਾਲਣਾ ਨਹੀਂ ਕਰ ਰਹੇ ਹਨ। ਸ਼ਰਾਬ ਦੇ ਠੇਕੇਦਾਰਾਂ ਵੱਲੋਂ ਲੌਕਡਾਊਨ ਲੱਗਣ ਦੌਰਾਨ ਰਾਤ ਨੂੰ ਰੋਜ਼ਾਨਾ ਚੋਰ ਮੋਰੀਆਂ ਰਾਹੀਂ ਨਾਜਾਇਜ਼ ਤੌਰ ’ਤੇ ਸ਼ਰਾਬ ਵੇਚੀ ਜਾ ਰਹੀ ਹੈ। ਇਸਦਾ ਸ਼ਹਿਰ ਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ। ਸ਼ਹਿਰ ਦੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਦਾ ਡੰਡਾ ਸਿਰਫ਼ ਆਮ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਤੱਕ ਸੀਮਤ ਹੈ ਜਦਕਿ ਸ਼ਰਾਬ ਦੇ ਠੇਕੇਦਾਰਾਂ ਨੂੰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਰਿਆਇਤ ਦੇ ਰਹੇ ਹਨ। ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜ਼ੋਰ ਸਿਰਫ਼ ਗਰੀਬ ਦੁਕਾਨਦਾਰਾਂ ਤੱਕ ਹੀ ਚੱਲਦਾ ਹੈ ਜਦਕਿ ਸ਼ਰਾਬ ਦੇ ਠੇਕੇਦਾਰਾਂ ’ਤੇ ਪੁਲੀਸ ਦਾ ਕੋਈ ਜ਼ੋਰ ਨਹੀਂ ਚੱਲਦਾ ਜੋ ਕਥਿਤ ਮਿਲੀਭੁਗਤ ਨਾਲ ਸਾਰੀ ਰਾਤ ਸ਼ਰਾਬ ਵੇਚਦੇ ਹਨ।
ਇਕੱਤਰ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਵਧਦੀ ਰਫਤਾਰ ਨੂੰ ਦੇਖਦਿਆਂ ਲੰਘੇ ਕੱਲ੍ਹ ਤੋਂ ਸੂਬੇ ਵਿੱਚ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲੌਕਡਾਊਨ ਲਾ ਦਿੱਤਾ ਗਿਆ ਹੈ ਪਰ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਜਾ ਕੇ ਸ਼ਰਾਬ ਦੇ ਠੇਕੇਦਾਰ ਖੁੱਲ੍ਹੇਆਮ ਚੋਰ ਮੋਰੀਆਂ ਰਾਹੀਂ ਨਾਜਾਇਜ਼ ਤੌਰ ’ਤੇ ਸ਼ਰਾਬ ਵੇਚ ਰਹੇ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਖ ਵੱਖ ਸ਼ਰਾਬ ਦੇ ਠੇਕਿਆਂ ’ਤੇ ਠੇਕੇਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸ਼ਟਰ ਵਿੱਚ ਚੋਰ ਮੋਰੀਆਂ ਬਣਾਈ ਗਈਆਂ ਹਨ। ਰਾਤ ਨੂੰ ਇਨ੍ਹਾਂ ਚੋਰ ਮੋਰੀਆਂ ਰਾਹੀਂ ਹੀ ਠੇਕੇ ਵਿੱਚ ਮੌਜੂਦ ਕਰਿੰਦੇ ਸਾਰੀ ਰਾਤ ਸ਼ਰਾਬ ਵੇਚਦੇ ਰਹਿੰਦੇ ਹਨ।
ਡੀਐੱਸਪੀ ਜ਼ੀਰਕਪੁਰ ਅਮਰੋਜ਼ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਇਸਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਏਗੀ।