ਪੱਤਰ ਪ੍ਰੇਰਕ
ਅਮਲੋਹ, 12 ਅਕਤੂਬਰ
ਕਰਵਾ ਚੌਥ ਦੇ ਤਿਉਹਾਰ ਦੇ ਮੱਦੇਨਜ਼ਰ ਅਮਲੋਹ ਦੇ ਬਾਜ਼ਾਰ ਵਿੱਚ ਰੌਣਕਾਂ ਦੇਖਣ ਨੂੰ ਮਿਲੀਆਂ। ਅੱਜ ਬਾਜ਼ਾਰਾਂ ਵਿਚ ਨਵ-ਵਿਆਹੀਆਂ ਸੁਹਾਗਣਾਂ ਅਤੇ ਮੁਟਿਆਰਾਂ ਜਿੱਥੇ ਦੁਕਾਨਾਂ ’ਤੇ ਖਰੀਦੋ-ਫਰੋਖਤ ਕਰਦੀਆਂ ਨਜ਼ਰ ਆਈਆਂ, ਉੱਥੇ ਬਿਊਟੀ ਪਾਰਲਰਾਂ ’ਤੇ ਮਹਿੰਦੀ ਲਗਾਉਣ ਵਾਲੀਆਂ ਲੜਕੀਆਂ ਦੀ ਭੀੜ ਲੱਗੀ ਰਹੀ। ਇਸ ਮੌਕੇ ਮਠਿਆਈਆਂ ਵਾਲੀਆਂ ਦੁਕਾਨਾਂ ’ਤੇ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ, ਉੱਥੇ ਹੀ ਮਿੱਟੀ ਦੇ ਬਣਾਏ ਭਾਂਡਿਆਂ ਵਾਲੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਆਮਦ ਦੇਖਣ ਨੂੰ ਮਿਲੀ।
ਸਰਕਾਰੀ ਕਾਲਜ ਵਿੱਚ ਮਹਿੰਦੀ ਮੁਕਾਬਲੇ
ਪੰਚਕੂਲਾ (ਪੱਤਰ ਪ੍ਰੇਰਕ): ਲੜਕੀਆਂ ਦੇ ਸਰਕਾਰੀ ਕਾਲਜ ਸੈਕਟਰ-14 ਪੰਚਕੂਲਾ ਵਿੱਚ ਅੱਜ ਮਹਿਲਾ ਸੈੱਲ ਅਤੇ ਪਲੇਸਮੈਂਟ ਸੈੱਲ ਦੇ ਸਾਂਝੇ ਸਹਿਯੋਗ ਨਾਲ ਮਹਿੰਦੀ ਲਗਾਉਣ ਦੇ ਮੁਕਾਬਲੇ ਅਤੇ ਔਰਤਾਂ ਦੇ ਪਹਿਰਾਵੇ ਦੇ ਬਾਰੇ ‘ਤਾਣਾ-ਬਾਣਾ’ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਮਹਿਤਾਨੀ ਨੇ ਇਸ ਪ੍ਰੋਗਰਾਮ ਦਾ ਸ਼ੁਭ ਆਰੰਭ ਕਰਵਾਇਆ। ਮੋਮਬੱਤੀਆਂ, ਸਜਾਵਟੀ ਸਮਾਜ, ਹੱਥ ਨਾਲ ਬੁਣੇ ਹੋਏ ਬੈਗ ਸਣੇ ਕਈ ਤਰ੍ਹਾਂ ਦੇ ਸਟਾਲ ਲਗਾਏ ਗਏ। ਕਾਲਜ ਦੀ ਸੀਨੀਅਰ ਪ੍ਰੋਫੈਸਰ ਡਾ. ਅਰਸ਼ਦੀਪ ਕੌਰ ਅਤੇ ਮੀਡੀਆ ਇੰਚਾਰਜ ਚਰਨਜੀਤ ਕੌਰ ਨੇ ਦੱਸਿਆ ਕਿ ਲੜਕੀਆਂ ਨੇ ਇਹ ਸਟਾਲ ਤਿਉਹਾਰਾਂ ਸਬੰਧੀ ਲਗਾਏ ਸਨ।
ਵਿਸ਼ੇਸ਼ ਬੱਚਿਆਂ ਵੱਲੋਂ ਤਿਆਰ ਵਸਤਾਂ ਦੀ ਨੁਮਾਇਸ਼
ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਕੌਮੀ ਕਾਨੂੰਨੀ ਸੇਵਾਵਾਂ ਅਥਾਰਿਟੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਮਾਨਸਿਕ ਤੌਰ ’ਤੇ ਬਿਮਾਰ ਬੱਚਿਆਂ ਵੱਲੋਂ ਤਿਉਹਾਰਾਂ ਨਾਲ ਸਬੰਧਤ ਸਜਾਈਆਂ ਗਈਆਂ ਵਸਤਾਂ ਦੀ ਨੁਮਾਇਸ਼ ਲਗਾਈ ਗਈ। ਇਸ ਦਾ ਉਦਘਾਟਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਨੇ ਕੀਤਾ।