ਪੱਤਰ ਪ੍ਰੇਰਕ/ਟਨਸ
ਚੰਡੀਗੜ੍ਹ/ਪੰਚਕੂਲਾ 5 ਜਨਵਰੀ
ਟ੍ਰਾਈਸਿਟੀ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿੱਥੇ ਅੱਜ 750 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਵਿੱਚ ਸਭ ਤੋਂ ਵੱਧ ਕੇਸ ਮੁਹਾਲੀ ਵਿੱਚ ਪਾਏ ਗਏ ਹਨ। ਜਿੱਥੇ ਕਰੋਨਾ ਦੇ 300 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 229 ਅਤੇ ਪੰਚਕੂਲਾ ਵਿੱਚ 221 ਨਵੇਂ ਕੇਸ ਸਾਹਮਣੇ ਆਏ ਹਨ। ਪੰਚਕੂਲਾ ਵਿੱਚ 221 ਵਿੱਚੋਂ 171 ਜਣੇ ਸਥਾਨਕ ਵਸਨੀਕ ਹਨ, ਜਦੋਂ ਕਿ 50 ਜਣੇ ਹੋਰਨਾਂ ਸੂਬਿਆਂ ਨਾਲ ਸਬੰਧਿਤ ਹਨ।
ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਅੱਜ ਕਰੋਨਾ ਮਰੀਜ਼ਾਂ ਦਾ ਅੰਕੜਾ 200 ਨੂੰ ਪਾਰ ਕਰ ਗਿਆ ਹੈ ਜਿਸ ਦੇ ਚਲਦਿਆਂ ਅੱਜ ਸ਼ਹਿਰ ਵਿੱਚ 229 ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਪਿੰਡ ਬਹਿਲਾਣਾ ਨਿਵਾਸੀ ਇੱਕ 72 ਸਾਲਾ ਕਰੋਨਾ ਮਰੀਜ਼ ਔਰਤ ਦੀ ਪੀ.ਜੀ.ਆਈ. ਵਿੱਚ ਇਲਾਜ ਦੌਰਾਨ ਮੌਤ ਵੀ ਹੋ ਗਈ ਹੈ। ਹਾਲਾਂਕਿ ਇਸ ਔਰਤ ਨੂੰ ਕਰੋਨਾ ਦੇ ਦੋਵੇਂ ਟੀਕੇ ਲੱਗੇ ਹੋਏ ਸਨ ਪ੍ਰੰਤੂ ਉਹ ਹੋਰ ਵੀ ਕਈ ਬਿਮਾਰੀਆਂ ਦੇ ਕਰਕੇ ਇਲਾਜ ਅਧੀਨ ਚੱਲ ਰਹੀ ਸੀ।
ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਕਰੋਨਾ ਦੇ 292 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ’ਚੋਂ ਇਕੱਲੇ ਮੁਹਾਲੀ ਵਿੱਚ 133 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਬਾਕੇ ਕੇਸ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਦੇ ਹਨ।
ਅੰਬਾਲਾ ਵਿਚ ਓਮੀਕਰੋਨ ਦੇ ਆਏ ਤਿੰਨ ਮਾਮਲੇ
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਅੱਜ ਅੰਬਾਲਾ ਸ਼ਹਿਰ ਵਿਚ ਤਿੰਨ ਮਰੀਜ਼ ਓਮੀਕਰੋਨ ਦੇ ਮਿਲੇ ਹਨ।ਇਹ ਇੱਕੋ ਪਰਿਵਾਰ ਦੇ ਹਨ ਜਿਨ੍ਹਾਂ ਵਿਚ 10 ਮਹੀਨੇ ਦੀ ਬੱਚੀ, 35 ਸਾਲ ਦੀ ਮਹਿਲਾ ਅਤੇ 70 ਸਾਲ ਦਾ ਪੁਰਸ਼ ਸ਼ਾਮਲ ਹਨ। ਇਸ ਪਰਿਵਾਰ ਵਿਚੋਂ ਇਕ ਵਿਅਕਤੀ ਡਬਲਿਨ ਆਇਰਲੈਂਡ ਤੋਂ ਆਇਆ ਸੀ। ਸਿਹਤ ਵਿਭਾਗ ਅਨੁਸਾਰ ਤਿੰਨਾਂ ਮਰੀਜ਼ਾਂ ਦੀ ਹਾਲਤ ਸਥਿਰ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ ਵਿਚ ਕੁੱਲ 124 ਕੇਸ ਪਾਜ਼ੇਟਿਵ ਆਏ ਹਨ।