ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 6 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਗਸਿਕੰਦਰ ਦੀ ਕੁਮਾਰੀ ਰਾਖੀ ਪੁੱਤਰੀ ਭੂਰਾ ਪ੍ਰਜਾਪਤੀ ਪਿੰਡ ਤਲਵਾੜਾ ਦੀ ਲੜਕੀ ਨੇ 650 ਵਿਚੋਂ 631 (97 ਫ਼ੀਸਦੀ) ਅੰਕ ਪ੍ਰਾਪਤ ਕੀਤੇ। ਵਿਦਿਆਰਥਣ ਨੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚੋਂ ਚੌਥਾ ਸਥਾਨ ਹਾਸਲ ਕਰਕੇ ਸਕੂਲ, ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਨਾ ਰੌਸ਼ਨ ਕੀਤਾ। ਸਕੂਲ ਪ੍ਰਿੰਸੀਪਲ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਇਸ ਸਕੂਲ ਦੇ 49 ਬੱਚਿਆ ਵਿਚੋਂ 7 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅਤੇ ਬਾਕੀ 42 ਬੱਚੇ ਪਹਿਲੇ ਦਰਜੇ ’ਤੇ ਰਹੇ।
ਮੋਰਿੰਡਾ (ਪੱਤਰ ਪ੍ਰੇਰਕ): ਸ਼ਹੀਦ ਕੈਪਟਨ ਸੁਰਜੀਤ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਰਮਾਜਰਾ ਦਾ 8ਵੀਂ ,10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਅਵਿਨਾਸ਼ ਕੁਮਾਰ ਵੋਹਰਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ 10ਵੀਂ ਜਮਾਤ ’ਚੋਂ ਕਿਰਨਜੋਤ ਕੌਰ ਨੇ ਪਹਿਲਾ, ਨਵਜੀਤ ਕੌਰ ਨੇ ਦੂਜਾ ਅਤੇ ਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜ਼ਾਬਾਦ ਦੀ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੀਤੇ ਦਿਨ ਜਾਰੀ ਬੋਰਡ ਪ੍ਰੀਖਿਆ ਨਤੀਜੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਪ੍ਰਿੰਸੀਪਲ ਸਤਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਰਮਨਦੀਪ ਕੌਰ 96 ਫੀਸਦੀ ਅੰਕ ਲੈ ਕੇ ਪਹਿਲਾ, ਪਰਵੀਨ ਕੌਰ ਨੇ 95.5 ਫੀਸਦੀ ਅੰਕ ਲੈ ਕੇ ਦੂਜਾ ਅਤੇ ਤਰਨਜੀਤ ਕੌਰ ਨੇ 95.7 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦਾ ਵੀ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਸੁਨੀਤਾ ਛਾਬੜਾ ਨੇ ਦੱਸਿਆ ਕਿ ਜਸ਼ਨਪ੍ਰੀਤ ਕੌਰ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਹਰਮਨਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲਖਣਪੁੁਰ ਦੀ ਵਿਦਿਆਰਥਣ ਮੈਰਿਟ ਸੂਚੀ ’ਚ
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿਚ 153ਵਾਂ ਸਥਾਨ ਸਰਕਾਰੀ ਹਾਈ ਸਕੂਲ ਲਖਣਪੁੁਰ ਦੀ ਵਿਦਿਆਰਥਣ ਸਿਮਰਨਜੋਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਜਟਾਣਾ ਨੀਵਾਂ ਨੇ ਹਾਸਲ ਕੀਤਾ। ਮੁੱਖ ਅਧਿਆਪਕ ਜਗਦੀਪ ਸਿੰਘ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਜਾਣਕਾਰੀ ਦਿੱਤੀ ਕਿ ਵਿਦਿਆਰਥਣ ਨੇ 650 ਵਿੱਚੋਂ 632 ਅੰਕ (97.23%) ਪ੍ਰਾਪਤ ਕਰਕੇ ਮੈਰਿਟ ਲਿਸਟ ਵਿਚ ਸਥਾਨ ਹਾਸਲ ਕੀਤਾ। ਸਿਮਰਨਜੋਤ ਕੌਰ ਨੇ ਦੱਸਿਆ ਕਿ ਉਹ ਆਪਣੀ ਅਗਲੀ ਪੜ੍ਹਾਈ ਨਾਨ-ਮੈਡੀਕਲ ਸਟਰੀਮ ਲੈ ਕੇ ਇੰਜਨੀਅਰ ਬਣਨਾ ਚਾਹੁੰਦੀ ਹੈ।
ਕੁਰਾਲੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਕੁਰਾਲੀ (ਪੱਤਰ ਪ੍ਰੇਰਕ): ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਸਟਾਫ ਵੱਲੋਂ ਹੋਣਹਾਰ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਚਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫੀਸਦ ਰਿਹਾ ਹੈ। ਉਨ੍ਹਾਂ ਦੱਸਿਆ ਕਿ 95.8 ਫੀਸਦ ਅੰਕ ਲੈ ਕੇ ਗਗਨਪ੍ਰੀਤ ਕੌਰ ਅੱਵਲ ਰਹੀ ਹੈ। ਇਸ ਤੋਂ ਇਲਾਵਾ ਜਸਪ੍ਰੀਤ ਕੌਰ ਨੇ 93.2 ਅਤੇ ਪਰਨੀਤ ਕੌਰ ਨੇ 92.7 ਅੰਕ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ 15 ਵਿਦਿਆਰਥਣਾਂ ਨੇ 90 ਫੀਸਦ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।