ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਮਾਰਚ
ਹੱਲੋਮਾਜਰਾ ਵਿੱਚ ਬੱਚੀ ਦੀ ਹੱਤਿਆ ਦੇ ਮਾਮਲੇ ਸਬੰਧੀ ਹਿਰਾਸਤ ਵਿੱਚ ਲਏ ਗਏ ਨਾਬਾਲਗ ਲੜਕੇ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਬਾਲ ਸੁਧਾਰ ਘਰ ਵਿੱਚ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਸੈਕਟਰ-25 ਦੇ ਸ਼ਮਸ਼ਾਨਘਾਟ ਵਿੱਚ ਉਸ ਦਾ ਸਸਕਾਰ ਕਰਵਾ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਪੁਲੀਸ ਦੀ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰਕ ਮੈਂਬਰਾਂ ਨੇ ਅੱਜ ਸਵੇਰੇ ਹੱਲੋਮਾਜਰਾ ਚੌਕ ਵਿੱਚ ਧਰਨਾ ਦਿੱਤਾ। ਪਰਿਵਾਰਕ ਮੈਂਬਰਾਂ ਦੀ ਮੰਗ ’ਤੇ ਚੰਡੀਗੜ੍ਹ ਪੁਲੀਸ ਨੇ ਇਸ ਕੇਸ ਵਿੱਚ ਧਾਰਾ 363 ਅਤੇ 302 ਦੇ ਨਾਲ ਧਾਰਾ 376 ਦਾ ਵਾਧਾ ਵੀ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਥਾਣਾ ਸੈਕਟਰ-31 ਦੇ ਮੁਖੀ ਨਰਿੰਦਰ ਪਟਿਆਲ ਨੇ ਕੀਤੀ ਹੈ।
ਡਾਕਟਰ ਬਨਣਾ ਚਾਹੁੰਦੀ ਸੀ ਬੱਚੀ: ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਪਰ ਉਸ ਦੀ ਬੱਚੀ ਡਾਕਟਰ ਬਨਣਾ ਚਾਹੁੰਦੀ ਸੀ। ਉਨ੍ਹਾਂ ਦੱਸਿਆ ਕਿ ਉਹ ਪੜ੍ਹਾਈ ਵਿੱਚ ਹੋਣਹਾਰ ਸੀ ਅਤੇ ਰੋਜ਼ਾਨਾ ਦੋ ਵਾਰ ਟਿਊਸ਼ਨ ਜਾਂਦੀ ਸੀ। ਸ਼ੁੱਕਰਵਾਰ ਨੂੰ ਵੀ ਸ਼ਾਮ 5 ਵਜੇ ਉਹ ਟਿਊਸ਼ਨ ਗਈ ਸੀ ਪਰ ਉਸ ਦੀ ਹੱਤਿਆ ਕਰ ਦਿੱਤੀ ਗਈ।
ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ’ਤੇ ਪਥਰਾਅ ਕਰਨ ਦੇ ਦੋਸ਼ ਹੇਠ ਤਿੰਨ ਨਾਮਜ਼ਦ
ਹੱਲੋਮਾਜਰਾ ਵਿੱਚ ਲੜਕੀ ਦੀ ਹੱਤਿਆ ਮਗਰੋਂ ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਬੀਤੀ ਸ਼ਾਮ ਹੱਲੋਮਾਜਰਾ ਚੌਕ ’ਤੇ ਧਰਨਾ ਦੇ ਦਿੱਤਾ ਸੀ। ਇਸ ਧਰਨੇ ਦੀ ਕੁਝ ਸਮਾਜਿਕ ਜਥੇਬੰਦੀਆਂ ਵੱਲੋਂ ਹਮਾਇਤ ਕੀਤੀ ਗਈ ਸੀ। ਇਸ ਦੌਰਾਨ ਹਿੰਸਾ ਫੈਲਾਉਣ ਦੇ ਦੋਸ਼ ਹੇਠ ਪੁਲੀਸ ਨੇ ਕੇਸ ਦਰਜ ਕਰਕੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਲੁਧਿਆਣਾ, ਵੈਭਵ ਵਾਸੀ ਹਨੂੰਮਾਨਗੜ੍ਹ ਅਤੇ ਗੋਪਾਲ ਵਾਸੀ ਹੱਲੋਮਾਜਰਾ ਵਜੋਂ ਹੋਈ ਹੈ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਸੜਕ ’ਤੇ ਲਗਾਏ ਗਏ ਧਰਨੇ ਦੌਰਾਨ ਪੁਲੀਸ ’ਤੇ ਪਥਰਾਅ ਕਰਕੇ ਕਾਰਵਾਈ ਵਿੱਚ ਰੁਕਾਵਟ ਪੈਦਾ ਕੀਤੀ ਸੀ। ਥਾਣਾ ਸੈਕਟਰ-31 ਦੀ ਪੁਲੀਸ ਨੇ ਤਿੰਨਾਂ ਨੌਜਵਾਨਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।