ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 10 ਅਕਤੂਬਰ
ਇਥੋਂ ਦੇ ਆਈਟੀਆਈ ਚੌਕ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਚੌਕ ’ਤੇ ਅੱਜ ਡਾ. ਸਾਹਿਬ ਦੀ 10 ਫੁੱਟ ਉੱਚੇ ਬੁੱਤ ਦੀ ਸਥਾਪਨਾ ਕੀਤੀ ਗਈ। ਡਾ. ਅੰਬੇਦਕਰ ਦੇ ਬੁੱਤ ਤੋਂ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਪਰਦਾ ਹਟਾਇਆ। ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਜੈ ਭੀਮ ਜੈ ਭਾਰਤ ਦੇ ਨਾਅਰੇ ਲਗਾਏ ਗਏ। ਸ਼ਰਾਰਤੀ ਅਨਸਰਾਂ ਵੱਲੋਂ ਇਸ ਚੌਕ ‘ਤੇ ਲੱਗੀ ਡਾ. ਸਾਹਿਬ ਦੇ ਬੁੱਤ ਦੀ 15 ਸਤੰਬਰ 2019 ਅਤੇ 27 ਫਰਵਰੀ 2021 ਨੂੰ ਦੋ ਵਾਰ ਬੇਅਦਬੀ ਕੀਤੀ ਜਾ ਚੁੱਕੀ ਹੈ। ਪ੍ਰਬੰਧਕਾਂ ਵੱਲੋਂ ਇਹ ਤੀਸਰਾ ਬੁੱਤ ਤਿਆਰ ਕਰਵਾ ਕੇ ਲਗਵਾਇਆ ਗਿਆ ਹੈ। ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੂੰ ਲੋਕ ਕੇਵਲ ਐੱਸਸੀ ਸਮਾਜ ਦਾ ਹੀ ਮਸੀਹਾ ਸਮਝਦੇ ਹਨ ਜਦੋਂ ਕਿ ਸੱਚਾਈ ਇਹ ਹੈ ਕਿ ਸੰਵਿਧਾਨ ਵਿਚ ਉਨ੍ਹਾਂ ਨੇ ਸਮਾਜ ਦੇ ਹਰੇਕ ਵਰਗ ਲਈ ਰਿਆਇਤਾਂ ਦਿੱਤੀਆਂ ਹਨ। ਉਨ੍ਹਾਂ ਨੇ ਮਹਿਲਾਵਾਂ ਲਈ ਰਾਖਵਾਂਕਰਨ, ਨਾਬਾਲਗ ਬੱਚਿਆਂ ਅਤੇ ਫ਼ੈਕਟਰੀ ਮਜ਼ਦੂਰਾਂ ਦੇ ਹੱਕਾਂ ਲਈ ਕਾਨੂੰਨ ਬਣਾਏ। ਉਹ ਜਨਰਲ ਵਰਗ ਦੇ ਗ਼ਰੀਬ ਲੋਕਾਂ ਲਈ ਰਾਖਵਾਂਕਰਨ ਰੱਖਣਾ ਚਾਹੁੰਦੇ ਸਨ ਜੋ ਕਿ ਕਿਸੇ ਕਾਰਨਾਂ ਕਰ ਕੇ ਸਿਰੇ ਨਾ ਚੜ੍ਹ ਸਕਿਆ। ਇਸ ਮੌਕੇ ਡਾਕਟਰ ਅੰਬੇਦਕਰ ਮੈਮੋਰੀਅਲ ਟਰੱਸਟ ਪੰਜਾਬ ਦੇ ਚੇਅਰਮੈਨ ਦਰਸ਼ਨ ਸਿੰਘ ਸੋਢੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਐਡਵੋਕੇਟ ਰਵਿੰਦਰ ਸਿੰਘ, ਐਡਵੋਕੇਟ ਸੰਜੇ ਬਾਲੀ, ਸਫ਼ਾਈ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਹੰਸ ਰਾਜ, ਦਲਿਤ ਨੇਤਾ ਸੁਖਜਿੰਦਰ ਸੁੱਖੀ , ਕ੍ਰਿਸਚੀਅਨ ਨੇਤਾ ਸ਼ਿਵ ਸਰਨ, ਭੁਪਿੰਦਰ ਚੋਪੜਾ, ਜੋਗਿੰਦਰ ਟਾਈਗਰ, ਰਾਜਿੰਦਰ ਵਾਲਮੀਕਨ, ਰਜਿੰਦਰ ਸਿੰਘ, ਰਜਿੰਦਰ ਚਪੜ, ਸਤਪਾਲ, ਸ਼ਿਵ ਕੁਮਾਰ ਮੋਨੀ ਤੋ ਇਲਾਵਾ ਹੋਰ ਸ਼ਖ਼ਸੀਅਤਾਂ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿਚ ਕਮੇਟੀ ਮੈਂਬਰਾਂ ਨੇ ਕੁਲਵੰਤ ਸਿੰਘ ਅਤੇ ਉਨ੍ਹਾਂ ਨਾਲ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ।