ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਕਰੋਨਾਵਾਇਰਸ ਕਰ ਕੇ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਵਿਚ ਕਟੌਤੀ ਦੀ ਮਾਰ ਝੱਲ ਰਹੇ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਡੀ ਹੁਣ ਮਹਾਮਾਰੀ ਦਾ ਅਸਰ ਘੱਟ ਹੋਣ ਅਤੇ ਕਰੋਨਾ ਸਬੰਧੀ ਪਾਬੰਦੀਆਂ ਘਟਣ ਮਗਰੋਂ ਮੁੜ ਤੋਂ ਲੀਂਹ ’ਤੇ ਆਉਣੀ ਸ਼ੁਰੂ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿਚ ਕਰੋਨਾ ਮਹਾਮਾਰੀ ਦੀ ਰਫ਼ਤਾਰ ਮੱਧਮ ਪੈਣ ਕਰ ਕੇ ਲੰਘੇ ਜੁਲਾਈ ਮਹੀਨੇ ਵਿਚ ਯੂਟੀ ਪ੍ਰਸ਼ਾਸਨ ਨੇ ਜੀਐੱਸਟੀ ਰਾਹੀਂ 169 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰ ਕੇ ਚੰਗੀ ਕਮਾਈ ਕੀਤੀ ਹੈ ਜੋ ਕਿ ਜੁਲਾਈ 2020 ਦੇ ਮੁਕਾਬਲੇ 23 ਫ਼ੀਸਦ ਵੱਧ ਹੈ।
ਕਰ ਅਤੇ ਆਬਕਾਰੀ ਵਿਭਾਗ ਅਨੁਸਾਰ ਜੁਲਾਈ 2021 ਵਿੱਚ ਵਿਭਾਗ ਵੱਲੋਂ 169 ਕਰੋੜ ਰੁਪਏ ਜੀਐੱਸਟੀ ਰਾਹੀਂ ਇਕੱਠੇ ਕੀਤੇ ਗਏ ਹਨ ਜਦਕਿ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ 137 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ। ਵਿੱਤ ਮੰਤਰਾਲੇ ਵੱਲੋਂ ਸਾਲ 2021 ਦੇ ਜਨਵਰੀ, ਅਪਰੈਲ, ਮਈ ਅਤੇ ਜੂਨ ਮਹੀਨਿਆਂ ਵਿੱਚ ਪ੍ਰਸ਼ਾਸਨ ਵੱਲੋਂ ਇਕੱਤਰ ਕੀਤੇ ਗਏ ਜੀਐੱਸਟੀ ਦੀ ਮਾਸਿਕ ਰਿਪੋਰਟ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਰਚ-2021 ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜੀਐੱਸਟੀ ਰਾਹੀਂ 165.27 ਕਰੋੜ ਰੁਪਏ ਇਕੱਠੇ ਕੀਤੇ ਗਏ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 9 ਫ਼ੀਸਦ ਜ਼ਿਆਦਾ ਸੀ। ਪਿਛਲੇ ਸਾਲ 153.26 ਕਰੋੜ ਰੁਪਏ ਇਕੱਠੇ ਹੋਏ ਸਨ। ਫਰਵਰੀ 2021 ਵਿੱਚ ਪ੍ਰਸ਼ਾਸਨ ਨੇ ਜੀਐੱਸਟੀ ਰਾਹੀਂ 148.5 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 14 ਫ਼ੀਸਦ ਘੱਟ ਸੀ। ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਜੀਐੱਸਟੀ ਰਾਹੀਂ 172.37 ਕਰੋੜ ਰੁਪਏ ਇਕੱਠੇ ਹੋਏ ਸਨ।
ਇਸੇ ਤਰ੍ਹਾਂ ਦਸੰਬਰ 2020 ’ਚ 158 ਕਰੋੜ ਰੁਪਏ, ਨਵੰਬਰ-2020 ਵਿਚ 141 ਕਰੋੜ ਰੁਪਏ, ਅਕਤੂਬਰ-2020 ’ਚ 152 ਕਰੋੜ ਰੁਪਏ ਅਤੇ ਸਤੰਬਰ-2020 ’ਚ ਜੀਐੱਸਟੀ ਰਾਹੀਂ 141.48 ਕਰੋੜ ਰੁਪਏ ਇਕੱਠੇ ਹੋਏ ਸਨ।