ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 12 ਸਤੰਬਰ
ਪਿੰਡ ਫਿਰੋਜ਼ਪੁਰ ਬੰਗਰ ਦੇ ਖੇਤਾਂ ਵਿੱਚ ਬੀਜੀ ਝੋਨੇ ਦੀ ਫਸਲ ਨੂੰ ਕੋਈ ਬਿਮਾਰੀ ਲੱਗਣ ਕਾਰਨ ਕਿਸਾਨ ਗੁਰਜੰਟ ਸਿੰਘ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਨੇ ਠੇਕੇ ’ਤੇ ਜ਼ਮੀਨ ਲੈ ਕੇ 25 ਕਿੱਲਿਆਂ ਵਿੱਚ ਝੋਨੇ ਦੀ ਪੀ.ਆਰ ਕਿਸਮ ਦਾ ਬੀਜ ਬੀਜਿਆ ਸੀ ਅਤੇ ਅਤੇ ਪੰਜ ਕਿੱਲਿਆਂ ’ਚ ਬਾਸਮਤੀ ਲਾਈ ਸੀ। ਇਸ ਦੌਰਾਨ ਉਸ ਨੇ ਚਾਰ ਸਪਰੇਆਂ ਵੀ ਕੀਤੀਆਂ ਪਰ ਉਸ ਵਿੱਚ ਕੋਈ ਵੀ ਛਿੱਟਾ ਆਦਿ ਨਹੀਂ ਪਿਆ। ਉਸ ਨੇ ਦੱਸਿਆ ਕਿ ਫ਼ਸਲ ਨੂੰ ਕੋਈ ਬਿਮਾਰੀ ਲੱਗ ਗਈ ਹੈ, ਜਿਸ ਕਾਰਨ ਉਸ ਨੇ ਫਸਲ ਵਾਹੁਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਸਰਕਾਰ ਤੋਂ ਖ਼ਰਾਬ ਹੋਈ ਫਸਲ ਦਾ ਮੁਆਵਜ਼ਾ ਮੰਗਿਆ ਹੈ। ਇਸੇ ਤਰ੍ਹਾਂ ਪਿੰਡ ਸਿੱਸਵਾਂ ਵਿੱਚ ਵੀ ਝੋਨੇ ਦੀ ਫਸਲ ਨੂੰ ਬਿਮਾਰੀ ਲੱਗੀ ਹੈ।
ਇਸ ਬਾਰੇ ਸੂਚਨਾ ਮਿਲਣ ਮਗਰੋਂ ਹਲਕਾ ਖਰੜ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖੇਤਾਂ ਵਿੱਚ ਪਹੁੰਚ ਕੇ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ ਅਤੇ ਪੀੜਤ ਕਿਸਾਨ ਨੂੰ ਭਰੋਸਾ ਦਿੱਤਾ ਕਿ ਉਸ ਦੀ ਖਰਾਬ ਹੋਈ ਫਸਲ ਦੀ ਜਾਂਚ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।