ਆਤਿਸ਼ ਗੁਪਤਾ
ਚੰਡੀਗੜ੍ਹ, 11 ਅਕਤੂਬਰ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ’ਚ 48 ਘੰਟਿਆਂ ਤੋਂ ਰੁਕ-ਰਕ ਕੇ ਪੈ ਰਹੇ ਮੀਂਹ ਨੇ ਮੌਸਮ ਵਿੱਚ ਠੰਢਕ ਲਿਆ ਦਿੱਤੀ ਹੈ। ਇਸ ਦੇ ਨਾਲ ਹੀ ਮੀਂਹ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਵੀ ਆਮ ਨਾਲੋਂ 6 ਡਿਗਰੀ ਹੇਠਾਂ ਡਿੱਗ ਗਿਆ ਹੈ। ਇਸ ਦੇ ਚਲਦਿਆਂ ਲੋਕਾਂ ਨੇ ਅੱਤ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਦੂਜੇ ਪਾਸੇ ਕਲਾਗ੍ਰਾਮ ਵਿੱਚ ਲੱਗੇ ਮੇਲੇ ਦੇ ਰੰਗ ਵਿੱਚ ਵੀ ਭੰਗ ਪੈ ਗਿਆ ਹੈ। ਮੌਸਮ ਵਿਭਾਗ ਨੇ 12 ਅਕਤੂਬਰ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਦੋਂ ਕਿ ਅਗਲੇ ਹਫ਼ਤੇ ਵੀ ਮੌਸਮ ਸਾਫ਼ ਰਹੇਗਾ।
ਉੱਤਰ ਖੇਤਰੀ ਸੱਭਿਆਚਾਰ ਕੇਂਦਰ (ਐੱਨਜ਼ੈੱਡਸੀਸੀ) ਵੱਲੋਂ ਚੰਡੀਗੜ੍ਹ ਦੇ ਕਲਾਗ੍ਰਾਮ ਵਿੱਚ ਕੌਮੀ ਕਰਾਫਟ ਮੇਲਾ ਲਗਾਇਆ ਗਿਆ ਹੈ, ਜਿਸ ਵਿੱਚ ਦੇਸ਼ ਭਰ ਤੋਂ ਆਏ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀਆਂ ਦੁਕਾਨਾਂ ਲਗਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਲੰਘੀ ਰਾਤ ਤੋਂ ਪਏ ਮੀਂਹ ਕਰਕੇ ਕਲਾਗ੍ਰਾਮ ਵਿੱਚ ਪਾਣੀ-ਪਾਣੀ ਹੋ ਗਿਆ ਹੈ। ਮੀਂਹ ਕਰਕੇ ਦੁਕਾਨਦਾਰਾਂ ਨੂੰ ਵੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।
ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿੱਚ 24 ਘੰਟਿਆਂ ਵਿੱਚ 16 ਐੱਮਐੱਮ ਮੀਂਹ ਪਿਆ ਹੈ। ਇਸ ਨਾਲ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 26.8 ਡਿਗਰੀ ਸੈਲਸੀਅਸ ਸੀ ਜੋ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਰਿਹਾ। ਘੱਟ ਤੋਂ ਘੱਟ ਤਾਪਮਾਨ 18.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਦਿਨ ਭਰ ਸੁਖਨਾ ਝੀਲ, ਰੌਕ ਗਾਰਡਨ ਸਣੇ ਹੋਰਨਾਂ ਘੁੰੰਮਣ ਵਾਲੀਆਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ। ਸ਼ਹਿਰ ਵਿੱਚ ਘੁੰਮਣ ਵਾਲਿਆਂ ਦੀ ਭੀੜ ਵਧਣ ਕਾਰਨ ਸੁਖਨਾ ਝੀਲ ਦੇ ਨਜ਼ਦੀਕ ਜਾਮ ਵਰਗੇ ਹਾਲਾਤ ਬਣੇ ਰਹੇ। ਮੀਂਹ ਪੈਣ ਕਰਕੇ ਸੈਕਟਰ 39 ਦੀ ਅਨਾਜ ਮੰਡੀ ’ਚ ਝੋਨੇ ਵੇਚਣ ਆਏ ਕਿਸਾਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਹੀ ਫ਼ਸਲ ’ਚ ਨਮੀ ਜ਼ਿਆਦਾ ਹੋਣ ਕਾਰਨ ਕਿਸਾਨ ਝੋਨੇ ਨੂੰ ਸੁਕਾ ਰਹੇ ਸਨ ਪਰ ਮੀਂਹ ਪੈਣ ਕਰਕੇ ਅਤੇ ਦਿਨ ਭਰ ਬੱਦਲਵਾਈ ਕਰਕੇ ਕਿਸਾਨ ਫ਼ਸਲ ਨੂੰ ਤਿਰਪਾਲਾਂ ਹੇਠ ਢੱਕਦੇ ਦਿਖਾਈ ਦਿੱਤੇ।
ਪੰਚਕੂਲਾ (ਪੀ.ਪੀ. ਵਰਮਾ): ਅੱਜ ਸਵੇਰ ਤੋਂ ਬਾਅਦ ਦੁਪਹਿਰ ਤੱਕ ਪਈ ਭਾਰੀ ਬਰਸਾਤ ਨੇ ਪੰਚਕੂਲਾ ਦਾ ਜਨ ਜੀਵਨ ਠੱਪ ਕਰ ਦਿੱਤਾ। ਪੁਰਾਣਾ ਪੰਚਕੂਲਾ, ਤਵਾ ਚੌਕ, ਸੈਕਟਰ-20 ਦੇ ਟੀ-ਪੁਆਇੰਟ ਉੱਤੇ, 11-15 ਚੌਕ, ਸ਼ਕਤੀ ਭਵਨ ਚੌਕ, ਪਰਸ਼ੂਰਾਮ ਚੌਕ ਬਰਸਾਤੀ ਪਾਣੀ ਨਾਲ ਭਰ ਗਏ। ਇਸ ਕਾਰਨ ਇੱਥੇ ਆਵਾਜਾਈ ਠੱਪ ਹੋ ਗਈ। ਸਿੱਸਵਾਂ, ਕੁਸ਼ੱਲਿਆ ਅਤੇ ਘੱਗਰ ਨਦੀ ਵਿੱਚ ਪਾਣੀ ਪੂਰੀ ਤਰ੍ਹਾਂ ਚੜ੍ਹਿਆ ਰਿਹਾ। ਮਾਰਕੀਟਾਂ ਵਿੱਚ ਪਾਣੀ ਖੜ੍ਹ ਜਾਣ ਕਾਰਨ ਟੇਹੜੀ ਫੜ੍ਹੀ ਵਾਲੇ ਆਪਣੇ ਰੁਜ਼ਗਾਰ ਉੱਤੇ ਨਹੀਂ ਆਏ। ਮਨੀਮਾਜਰਾ ਤੋਂ ਆ ਰਿਹਾ ਬਰਸਾਤੀ ਨਾਲਾ ਪੂਰੀ ਤਰ੍ਹਾਂ ਪਾਣੀ ਨਾਲ ਚੜਿ੍ਹਆ ਰਿਹਾ।
ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ
ਬਨੂੜ (ਕਰਮਜੀਤ ਸਿੰਘ ਚਿੱਲਾ): ਇਸ ਖੇਤਰ ਵਿੱਚ ਬੀਤੀ ਰਾਤ ਤੋਂ ਅੱਜ ਸਵੇਰ ਤੱਕ ਹੋਈ ਬਾਰਿਸ਼ ਨੇ ਝੋਨੇ ਦੀ ਕਟਾਈ ਅਤੇ ਖਰੀਦ ਦਾ ਕੰਮ ਰੋਕ ਦਿੱਤਾ ਹੈ। ਇਸ ਖੇਤਰ ਵਿੱਚ ਪਹਿਲਾਂ 6 ਅਤੇ 7 ਅਕਤੂਬਰ ਨੂੰ ਭਾਰੀ ਮੀਂਹ ਪਿਆ ਸੀ। ਪੰਜ ਦਿਨਾਂ ਵਿੱਚ ਦੂਜੀ ਵਾਰ ਪਈ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਵਾਰ-ਵਾਰ ਪੈ ਰਹੇ ਮੀਂਹ ਦਾ ਅਸਰ ਸਬਜ਼ੀਆਂ ਉੱਤੇ ਵੀ ਪੈ ਰਿਹਾ ਹੈ। ਇਸ ਕਾਰਨ ਸਬਜ਼ੀ ਉਤਪਾਦਕ ਵੀ ਪ੍ਰੇਸ਼ਾਨ ਹਨ।
ਬਨੂੜ ਮੰਡੀ ਵਿੱਚ ਤੇਜ਼ੀ ਨਾਲ ਚੱਲ ਰਹੀ ਝੋਨੇ ਦੀ ਖਰੀਦ ਵੀ ਅੱਜ ਬੰਦ ਹੋ ਗਈ। ਅੱਜ ਮੰਡੀ ਵਿੱਚ ਕੋਈ ਖਰੀਦ ਨਹੀਂ ਹੋਈ। ਮੰਡੀ ਵਿੱਚ ਕਈ ਕਿਸਾਨ ਪਿਛਲੇ ਤਿੰਨ ਚਾਰ ਦਿਨਾਂ ਤੋਂ ਝੋਨਾ ਵੇਚਣ ਆਏ ਹੋਏ ਹਨ ਅਤੇ ਖਰਾਬ ਮੌਸਮ ਕਾਰਨ ਨਮੀ ਦੀ ਮਾਤਰਾ ਸਹੀ ਨਾ ਆਉਣ ਕਾਰਨ ਕਿਸਾਨ ਇੱਥੇ ਹੀ ਰਾਤਾਂ ਕੱਟਣ ਲਈ ਮਜਬੂਰ ਹਨ। ਮੰਡੀ ਵਿੱਚ ਰਾਤ ਪਏ ਮੀਂਹ ਕਾਰਨ ਝੋਨੇ ਦੀਆਂ ਕੁਝ ਢੇਰੀਆਂ ਭਿੱਜ ਗਈਆਂ ਹਨ। ਝੋਨਾ ਕੱਟ ਰਹੀਆਂ ਕੰਬਾਈਨਾਂ ਅਤੇ ਪਰਵਾਸੀ ਮਜ਼ਦੂਰ ਵੀ ਵਿਹਲੇ ਹੋ ਗਏ ਹਨ। ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਰਾਜੋਮਾਜਰਾ ਨੇ ਵੀ ਅੱਜ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਮੰਡੀ ਵਿੱਚ ਪਾਣੀ ਦੇ ਨਿਕਾਸ ਪ੍ਰਬੰਧਾਂ ਨੂੰ ਹੋਰ ਵਧੇਰੇ ਕਾਰਗਰ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਸਨੇਟੇ ਦੀ ਸੁਖਗੜ੍ਹ ਨੇੜਲੇ 104 ਸੈਕਟਰ ਵਿੱਚ ਚੱਲਦੀ ਆਰਜ਼ੀ ਮੰਡੀ ਵਿੱਚ ਰਾਤੀਂ ਪਈ ਬਾਰਿਸ਼ ਕਾਰਨ ਖਰੀਦੀਆਂ ਹੋਈਆਂ ਝੋਨੇ ਦੀਆਂ ਬੋਰੀਆਂ ਭਿੱਜ ਗਈਆਂ। ਮੰਡੀ ਦੀ ਲੇਬਰ ਇਨ੍ਹਾਂ ਬੋਰੀਆਂ ਨੂੰ ਸਾਂਭਣ ਲਈ ਅੱਜ ਸਾਰਾ ਦਿਨ ਉਲਟ-ਪੁਲਟ ਕਰਨ ਵਿੱਚ ਕਰਨ ਵਿੱਚ ਲੱਗੀ ਰਹੀ।
ਅੰਬਾਲਾ (ਰਤਨ ਸਿੰਘ ਢਿੱਲੋਂ): ਸੋਮਵਾਰ ਦੇਰ ਰਾਤ ਤੋਂ ਸਵੇਰੇ ਤੱਕ ਪਏ ਮੋਹਲੇਧਾਰ ਮੀਂਹ ਨੇ ਅੰਬਾਲਾ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਇੱਥੇ 42 ਐੱਮਐੱਮ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕੱਲ੍ਹ ਬੁੱਧਵਾਰ ਨੂੰ ਫਿਰ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਮੀਂਹ ਨਾਲ ਜਿੱਥੇ ਖੇਤਾਂ ਵਿਚ ਖੜ੍ਹੀ ਅਤੇ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਥੱਲੇ ਪਈ ਝੋਨੇ ਦੀ ਹਜ਼ਾਰਾਂ ਕੁਇੰਟਲ ਫ਼ਸਲ ਭਿੱਜ ਗਈ ਹੈ ਉੱਥੇ ਸ਼ਹਿਰ ਦੀਆਂ ਕਲੋਨੀਆਂ ਅਤੇ ਸੜਕਾਂ ਵੀ ਪਾਣੀ ਨਾਲ ਭਰ ਗਈਆਂ ਹਨ।