ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਵੱਲੋਂ 133 ਮੈਂਬਰੀ ਕਾਰਜਕਾਰਨੀ ਦਾ ਐਲਾਨ ਕੀਤੇ ਜਾਣ ਨਾਲ ਸਥਾਨਕ ਸੂਬਾਈ ਪੱਧਰ ਦੇ ਕਾਂਗਰਸੀ ਆਗੂਆਂ ’ਚ ਕਾਟੋ-ਕਲੈਸ਼ ਵਧਦਾ ਜਾ ਰਿਹਾ ਹੈ। ਅੱਜ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਟਵੀਟ ਕਰ ਕੇ ਕਿਹਾ ਕਿ ਚੰਡੀਗੜ੍ਹ ਵਿੱਚ ਪਾਰਟੀ ਆਗੂ ਸਭ ਨੂੰ ਨੌਕਰ ਸਮਝਦੇ ਹਨ। ਇਹ ਟਵੀਟ ਰਾਹੁਲ ਗਾਂਧੀ, ਕੇ.ਸੀ. ਵੈਣੂਗੋਪਾਲ, ਹਰੀਸ਼ ਰਾਵਤ, ਰਣਦੀਪ ਸਿੰਘ ਸੁਰਜੇਵਾਲਾ ਤੇ ਚੰਡੀਗੜ੍ਹ ਕਾਂਗਰਸ ਨੂੰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਬੀਤੇ ਦਿਨ ਪ੍ਰਦੀਪ ਛਾਬੜਾ ਨੇ 133 ਮੈਂਬਰੀ ਕਾਰਜਕਾਰਨੀ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਹਾਈਕਮਾਂਡ ਨੇ ਪਾਰਟੀ ਦੇ 30-30 ਸਾਲ ਪੁਰਾਣੇ ਆਗੂਆਂ ਨੂੰ ਨਜ਼ਰਅੰਦਾਜ ਕੀਤਾ ਹੈ। ਪ੍ਰਦੀਪ ਛਾਬੜਾ ਨੇ ਇਹ ਸਵਾਲ ਮੌਜੂਦਾ ਪ੍ਰਧਾਨ ਸੁਭਾਸ਼ ਚਾਵਲਾ ਨੂੰ ਮੈਸੇਜ ਭੇਜ ਕੇ ਕੀਤੇ, ਜਿਸ ਦੇ ਜਵਾਬ ਵਿੱਚ ਸ੍ਰੀ ਚਾਵਲਾ ਨੇ ਕਿਹਾ, ‘‘ਅਜਿਹੀ ਬਕਵਾਸ ਕਰਦੇ ਰਹੋ।’’ ਚਾਵਲਾ ਦੇ ਜਵਾਬ ਤੋਂ ਬਾਅਦ ਛਾਬੜਾ ਨੇ ਟਵੀਟ ਰਾਹੀਂ ਪਾਰਟੀ ਹਾਈਕਮਾਂਡ ਨੂੰ ਕਾਂਗਰਸ ਦੀ ਸਥਾਨਕ ਇਕਾਈ ਦੇ ਪ੍ਰਧਾਨ ਦੀ ਸੋਚ ਤੋਂ ਜਾਣੂ ਕਰਵਾਇਆ ਹੈ।