ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਈ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਸਫ਼ਾਈ ਅਤੇ ਕੁਆਲਿਟੀ ਬਾਰੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਸ਼ਹਿਰ ਵਿੱਚ ਪੰਜ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ। ਇਸ ਮੌਕੇ ਫੂਡ ਸੇਫ਼ਟੀ ਕਮਿਸ਼ਨਰ ਯਸ਼ਪਾਲ ਗਰਗ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਮਲੋਆ, ਇੰਡਸਟਰੀਅਲ ਏਰੀਆ ਫੇਜ਼-1, ਮਨੀਮਾਜਰਾ, ਪਲਸੌਰਾ ਅਤੇ ਸੈਕਟਰ 23 ਵਿੱਚ ਛਾਪੇ ਮਾਰੇ। ਇਸ ਦੌਰਾਨ ਉਕਤ ਥਾਵਾਂ ’ਤੇ ਸਫ਼ਾਈ ਪ੍ਰਬੰਧਾਂ ਦੀ ਘਾਟ ਮਿਲੀ ਜਦਕਿ ਮੱਖੀਆਂ ਅਤੇ ਮੱਛਰ ਵੀ ਬਹੁਤ ਸਨ। ਵਿਭਾਗ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਮਲੋਆ ਵਿੱਚ ਬਿਨਾਂ ਪ੍ਰਵਾਨਗੀ ਤੋਂ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਨੂੰ ਤਿੰਨ ਲੱਖ ਰੁਪਏ ਜੁਰਮਾਨਾ ਕੀਤਾ। ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਫੇਜ਼-1 ਦੇ ਇੱਕ ਯੂਨਿਟ ਨੂੰ 50 ਹਜ਼ਾਰ ਰੁਪਏ, ਮਨੀਮਾਜਰਾ ਅਤੇ ਪਲਸੌਰਾ ਦੇ ਯੂਨਿਟ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਫੂਡ ਸੇਫਟੀ ਵਿਭਾਗ ਨੇ ਵੱਖਰੇ ਮਾਮਲੇ ਵਿੱਚ ਸੈਕਟਰ 23 ਵਿਚਲੇ ਯੂਨਿਟ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਸ੍ਰੀ ਗਰਗ ਨੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਫੂਡ ਸੇਫ਼ਟੀ ਵਿਭਾਗ ਤੋਂ ਲਾਇਸੈਂਸ ਲਾਜ਼ਮੀ ਲੈਣ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਖਾਣ-ਪੀਣ ਵਾਲੀਆਂ ਥਾਵਾਂ ’ਤੇ ਸਫ਼ਾਈ ਪ੍ਰਬੰਧ ਅਤੇ ਸਾਮਾਨ ਬਣਾਉਣ ਸਮੇਂ ਵਧੀਆ ਕੁਆਲਟੀ ਦੇ ਸਾਮਾਨ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ। ਸ੍ਰੀ ਗਰਗ ਨੇ ਕਿਹਾ ਕਿ ਫੂਡ ਸੇਫ਼ਟੀ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ ਜਾਵੇਗੀ। ਇਸ ਦੌਰਾਨ ਕਿਸੇ ਕਿਸਮ ਦੀ ਕਮੀ ਮਿਲਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।