ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਸਤੰਬਰ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਮੌਕੇ ਅੱਜ ਇੱਥੋਂ ਦੇ ਟੈਗੋਰ ਥੀਏਟਰ ਸੈਕਟਰ-18 ਚੰਡੀਗੜ੍ਹ ਵਿਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸ਼ਾਸਕ ਬੀ ਐੱਲ ਪੁਰੋਹਿਤ ਨੇ ਹਾਜ਼ਰੀ ਭਰੀ। ਇਸ ਮੌਕੇ ਬਿਹਤਰੀਨ ਸੇਵਾਵਾਂ ਦੇਣ ਵਾਲੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਸਟੇਟ ਐਵਾਰਡ ਤੇ ਸ਼ਲਾਘਾ ਸਰਟੀਫਿਕੇਟਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰਪਾਲ ਸਿੰਘ ਬਰਾੜ ਵੀ ਹਾਜ਼ਰ ਸਨ।
ਸ੍ਰੀ ਪੁਰੋਹਿਤ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਦੱਸਿਆ ਕਿ ਦੇਸ਼ ਦੇ ਵਿਕਾਸ ਵਿਚ ਅਧਿਆਪਕਾਂ ਦਾ ਅਹਿਮ ਯੋਗਦਾਨ ਹੈ। ਅਧਿਆਪਕਾਂ ਦਾ ਟੀਚਾ ਵਿਦਿਆਰਥੀਆਂ ਦੀ ਬੁੱਧੀ ਦਾ ਵਿਕਾਸ ਕਰਨਾ ਤੇ ਉਨ੍ਹਾਂ ਨੂੰ ਆਪਣੇ ਕਰਤੱਵਾਂ ਦਾ ਪਾਲਣ ਕਰਨ ਦੇ ਸਮਰੱਥ ਬਣਾਉਣਾ ਹੁੰਦਾ ਹੈ। ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅਧਿਆਪਕ ਹੀ ਮੋਹਰੀ ਰੋਲ ਨਿਭਾਉਂਦਾ ਹੈ। ਡਾਇਰੈਕਟਰ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਪ੍ਰਸ਼ਾਸਨ ਵੱਲੋਂ ਅੱਜ 10 ਅਧਿਆਪਕਾਂ ਨੂੰ ਸਟੇਟ ਐਵਾਰਡ ਤੇ 11 ਅਧਿਆਪਕਾਂ ਨੂੰ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਟ ਐਵਾਰਡੀਆਂ ਨੂੰ 21 ਹਜ਼ਾਰ ਰੁਪਏ ਜਦਕਿ ਸ਼ਲਾਘਾ ਪੱਤਰ ਹਾਸਲ ਕਰਨ ਵਾਲੇ ਹਰੇਕ ਅਧਿਆਪਕ ਨੂੰ 5100 ਰੁਪਏ ਦਿੱਤੇ ਗਏ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜ਼ਿਕਰ ਕਰਦਿਆਂ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਰੱਜ ਕੇ ਸ਼ਲਘਾ ਕੀਤੀ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿਚ ਭਾਰਤ ਗਿਆਨ ਦਾ ਮੁੱਖ ਕੇਂਦਰ ਸੀ ਤੇ ਅੱਜ ਵੀ ਭਾਰਤ ਵਿਸ਼ਵ ਭਰ ਨੂੰ ਗਿਆਨ ਦੇ ਰਿਹਾ ਹੈ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ, ਮੇਅਰ ਸਰਬਜੀਤ ਕੌਰ ਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। ਉਨ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 16 ਦੀ ਪ੍ਰਿੰਸੀਪਲ ਭਵਨੀਤ ਕੌਰ, ਸਰਕਾਰੀ ਸਕੂਲ ਸੈਕਟਰ 47 ਦੀ ਪ੍ਰਿੰਸੀਪਲ ਦਰਸ਼ਨਜੀਤ ਕੌਰ, ਲੈਕਚਰਾਰ ਗੁਰਪ੍ਰੀਤ ਕੌਰ, ਲੈਕਚਰਾਰ ਸੁਨੀਲ ਕੁਮਾਰ, ਆਬਾ ਕੁਮਾਰ, ਜਯੋਤਸਨਾ, ਇੰਦੂ ਬਾਲਾ, ਸ਼ਸ਼ੀ ਕੁਮਾਰ, ਹਰੀ ਚੰਦ, ਪਰਮਜੀਤ ਕੌਰ, ਸਤਿੰਦਰ ਕੌਰ, ਪੁਨੀਤ ਮਦਾਨ, ਜੇਬੀਟੀ ਅਧਿਆਪਕ ਜੈ ਲਕਸ਼ਮੀ, ਜਸਬੀਰ ਸਿੰਘ ਸੈਣੀ, ਮਧੂ ਬਾਲਾ, ਡੈਪੂਟੇਸ਼ਨ ਅਧਿਆਪਕ ਨੀਰਜ ਸ਼ਰਮਾ, ਨਵਨੀਤ ਕੌਰ, ਰੇਖਾ ਰਾਣੀ, ਸੇਂਟ ਜੌਹਨ ਸਕੂਲ ਦੀ ਪ੍ਰਿੰਸੀਪਲ ਕਵਿਤਾ ਦਾਸ, ਡੀਏਵੀ ਸਕੂਲ ਸੈਕਟਰ 45 ਦੀ ਪ੍ਰਿੰਸੀਪਲ ਅਨੂਜਾ ਸ਼ਰਮਾ ਤੇ ਡੀਪੀਐੱਸ ਸਕੂਲ ਸੈਕਟਰ 40 ਦੀ ਕੋਆਰਡੀਨੇਟਰ ਸੰਗੀਤਾ ਸੂਦ ਨੂੰ ਐਵਾਰਡ ਨਾਲ ਸਨਮਾਨਿਆ।
ਯੂਨੀਵਰਸਿਟੀ ਤੇ ਕਾਲਜ ਅਧਿਆਪਕਾਂ ਨੂੰ ਮਿਲਿਆ ਤੋਹਫ਼ਾ
ਚੰਡੀਗੜ੍ਹ(ਪੱਤਰ ਪ੍ਰੇਰਕ): ਅਧਿਆਪਕ ਦਿਵਸ ਮੌਕੇ ਅੱਜ ਪੰਜਾਬ ਭਰ ਵਿੱਚ ਜਿੱਥੇ ਸਕੂਲੀ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ, ਉਥੇ ਹੀ ਯੂਨੀਵਰਸਿਟੀ ਤੇ ਕਾਲਜ ਅਧਿਆਪਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਨੂੰ ਇਹ ਖੁਸ਼ੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7ਵੇਂ ਤਨਖਾਹ ਸਕੇਲ ਲਾਗੂ ਕਰਨ ਦਾ ਐਲਾਨ ਕਰਕੇ ਹੋ ਰਹੀ ਹੈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਲੱਡੂ ਵੰਡੇ ਗਏ ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ। ਪੂਟਾ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਅਤੇ ਵਾਈਸ ਪ੍ਰਧਾਨ ਪ੍ਰੋ. ਸੁਪਿੰਦਰ ਕੌਰ ਨੇ ਕਿਹਾ ਕਿ ਅਧਿਆਪਕ ਦਿਵਸ ’ਤੇ ਸੋਧੇ ਹੋਏ ਤਨਖਾਹ ਸਕੇਲਾਂ ਨੂੰ ਲਾਗੂ ਕਰਨ ਦਾ ਐਲਾਨ ਕਰਕੇ ਮੁੱਖ ਮੰਤਰੀ ਨੇ 25 ਜੂਨ 2022 ਨੂੰ ਪੰਜਾਬ ਵਿਧਾਨ ਸਭਾ ਦੇ ਫਲੋਰ ’ਤੇ ਉਨ੍ਹਾਂ ਵੱਲੋਂ ਦਿੱਤੀ ਗਈ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਪੂਟਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਅਸਲ ਮੰਗ ਨੂੰ ਪੂਰਾ ਕਰਨ ਲਈ ਕੀਤੇ ਗਏ ਸਾਰੇ ਯਤਨਾਂ ਅਤੇ ਉਮੀਦਾਂ ਨੂੰ ਪੂਰਾ ਕੀਤਾ। ਉਨ੍ਹਾਂ ਉਮੀਦ ਕੀਤੀ ਕਿ ਇਸ ਸਬੰਧੀ ਜ਼ਰੂਰੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ।
ਲਾਈਵ ਸਮਾਗਮ ਦੇ ਦੇਸ਼ ਵਿਦੇਸ਼ ਵਿਚ ਚਰਚੇ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਸਮਾਗਮ ਦੀ ਲਾਈਵ ਪੇਸ਼ਕਾਰੀ ਵੀ ਕੀਤੀ ਗਈ ਜਿਸ ਦੇ ਦੇਸ਼ ਵਿਦੇਸ਼ ਵਿਚ ਖਾਸੇ ਚਰਚੇ ਹੋਏ। ਇਸ ਮੌਕੇ ਸਨਮਾਨੀ ਗਈ ਅਧਿਆਪਕਾ ਨੇ ਦੱਸਿਆ ਕਿ ਉਸ ਦੇ ਮਾਪੇ ਕੈਨੇਡਾ ਵਿਚ ਹਨ ਤੇ ਇਹ ਪ੍ਰੋਗਰਾਮ ਲਾਈਵ ਦੇਖ ਦੇ ਉਹ ਬਹੁਤ ਖੁਸ਼ ਹੋਏ। ਇਕ ਹੋਰ ਅਧਿਆਪਕ ਨੇ ਦੱਸਿਆ ਕਿ ਉਸ ਦੇ ਮਾਪੇ ਕਾਫੀ ਬਜ਼ੁਰਗ ਹਨ ਤੇ ਉਹ ਲਾਈਵ ਸਮਾਗਮ ਦੇਖ ਕੇ ਬਹੁਤ ਖੁਸ਼ ਹੋਏ।
ਮਲੋਆ ਦੇ ਹਿੱਸੇ ਆਏ ਦੋ ਸਨਮਾਨ: ਸਰਕਾਰੀ ਮਾਡਲ ਹਾਈ ਸਕੂਲ ਮਲੋਆ ਦੇ ਅਧਿਆਪਕ ਜਸਵੀਰ ਸੈਣੀ ਨੇ ਵਿਗਿਆਨ ਵਿਚ ਚੰਗਾ ਨਾਮਣਾ ਖੱਟਿਆ ਹੈ ਤੇ ਇਸ ਅਧਿਆਪਕ ਨੇ ਦੇਸ਼ ਭਰ ਵਿਚ ਵਿਗਿਆਨ ਪ੍ਰਦਰਸ਼ਨੀਆਂ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪੰਜਾਬੀ ਅਧਿਆਪਕ ਪਰਮਜੀਤ ਕੌਰ ਨੇ ਮੇਵਾੜ ਚਿਤੌੜਗੜ੍ਹ ਵਿਚ ਐੱਨਐੱਸਐੱਸ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ।