ਪੱਤਰ ਪ੍ਰੇਰਕ
ਕੁਰਾਲੀ, 9 ਜਨਵਰੀ
ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ’ਤੇ ਚੋਣ ਜ਼ਾਬਤਾ ਲਾਗੂ ਹੁੰਦਿਆਂ ਹੀ ਪ੍ਰਸ਼ਾਸਨ ਨੇ ਅੱਜ ਸ਼ਹਿਰ ਵਿੱਚ ਲੱਗੇ ਸਿਆਸੀ ਹੋਰਡਿੰਗਜ਼ ਲਾਹੁਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ। ਕੌਂਸਲ ਦੀ ਟੀਮ ਨੇ ਸ਼ਹਿਰ ਵਿੱਚ ਲੱਗੇ ਹੋਰਡਿੰਗ ਉਤਾਰ ਕੇ ਕਬਜ਼ੇ ਵਿੱਚ ਲੈ ਲਏ। ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਲਾਗੂ ਕਰਦਿਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਤਹਿਤ ਅੱਜ ਕੌਂਸਲ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਚੌਕਾਂ ’ਤੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਲਗਾਏ ਸਿਆਸੀ ਹੋਰਡਿੰਗ ਅਤੇ ਫਲੈਕਸ ਕਬਜ਼ੇ ਵਿੱਚ ਲੈ ਲਏ।
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਸਭ ਤੋਂ ਪਹਿਲਾਂ ਨਗਰ ਕੌਂਸਲ ਦੇ ਅਧਿਕਾਰੀ ਹਰਕਤ ਵਿੱਚ ਆਏ ਹਨ। ਕੌਂਸਲ ਅਧਿਕਾਰੀਆਂ ਵੱਲੋਂ ਅੱਜ ਵਰ੍ਹਦੇ ਮੀਂਹ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਹਿਰ ਦੀਆਂ ਸੜਕਾਂ ਤੇ ਹੋਰ ਥਾਵਾਂ ’ਤੇ ਲੱਗੇ ਸਿਆਸੀ ਹੋਰਡਿੰਗ ਤੇ ਬੈਨਰ ਉੱਤਾਰ ਦਿੱਤੇ ਗਏ। ਕੌਂਸਲ ਦੇ ਅਮਲੇ ਵੱਲੋਂ ਬਰਵਾਲਾ ਰੋਡ, ਹੈਬਤਪੁਰ ਰੋਡ, ਬੱਸ ਸਟੈਂਡ, ਈਸਾਪੁਰ ਰੋਡ, ਗੁਲਾਬੜ੍ਹ ਰੋਡ, ਕਾਲਜ ਰੋਡ ਤੋਂ ਬੈਨਰ ਉੱਤਾਰ ਲਏ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਚੋਣ ਕਮਿਸ਼ਨ ਵੱਲੋਂ ਜਾਰੀ ਆਦਰਸ਼ ਚੋਣ ਜ਼ਾਬਤੇ ਦੇ ਹੁਕਮਾਂ ਮਗਰੋਂ ਪੰਜਾਬ ਵਿੱਚ ਸੜਕਾਂ ਕਿਨਾਰਿਆਂ ਅਤੇ ਸਰਕਾਰੀ ਬੱਸਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੋਰਡ ਉਤਾਰ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ’ਤੇ ਅੱਜ ਨਗਰ ਪੰਚਾਇਤ ਦੇ ਕਰਮਚਾਰੀਆਂ ਨੇ ਬਾਜ਼ਾਰਾਂ ਤੇ ਸਰਕਾਰੀ ਇਮਾਰਤਾਂ ’ਤੇ ਲੱਗੇ ਮੁੱਖ ਮੰਤਰੀ ਦੇ ਸਾਰੇ ਫਲੈਕਸ ਲਾਹ ਦਿੱਤੇ।
ਲਾਲੜੂ (ਪੱਤਰ ਪ੍ਰੇਰਕ): ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਲੱਗੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹੋਲਡਿੰਗ, ਬੈਨਰ, ਪੋਸਟਰ ਆਦਿ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਨੇ ਜਨਤਕ ਥਾਵਾਂ ’ਤੇ ਹੋਲਡਿੰਗ ਬੈਨਰ ਤੇ ਪੋਸਟਰ ਲਾਏ ਹੋਏ ਸਨ।