ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 29 ਅਕਤੂਬਰ
ਮੁਹਾਲੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀਆਂ ਮਾਰਨ ਦੇ ਦੋਸ਼ ਵਿੱਚ ਇੱਥੋਂ ਦੇ ਫੇਜ਼-11 ਵਿੱਚ ਇਮੀਗਰੇਸ਼ਨ ਕੰਪਨੀ ਦੇ ਸੱਤ ਵਿਅਕਤੀਆਂ ਅਜੈ ਕੁਮਾਰ, ਸਾਰਿਕਾ, ਜਸਨੂਰ, ਮਨਜੀਤ ਕੌਰ, ਅੰਮ੍ਰਿਤ ਕੌਰ, ਕੁਲਦੀਪ ਸਿੰਘ ਅਤੇ ਗੁਰਤੇਜ਼ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਫੇਜ਼-11 ਥਾਣਾ ਦੇ ਐਸਐਚਓ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਵਿਅਕਤੀਆਂ ਖ਼ਿਲਾਫ਼ ਇਮੀਗਰੇਸ਼ਨ ਧੋਖਾਧੜੀ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਤੇ ਅੱਜ ਪੁਲੀਸ ਦੀ ਇਕ ਵਿਸ਼ੇਸ਼ ਟੀਮ ਵੱਲੋਂ ਫੇਜ਼-11 ਦੀ ਮਾਰਕੀਟ ਵਿੱਚ ਇਮੀਗਰੇਸ਼ਨ ਕੰਪਨੀ ਦੇ ਦਫ਼ਤਰ ਵਿੱਚ ਛਾਪੇਮਾਰੀ ਕਰ ਕੇ ਉਕਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਅਜੈ ਕੁਮਾਰ, ਸਾਰਿਕਾ, ਜਸਨੂਰ, ਕੁਲਦੀਪ ਸਿੰਘ ਅਤੇ ਗੁਰਤੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਨਜੀਤ ਕੌਰ ਅਤੇ ਅੰਮ੍ਰਿਤ ਕੌਰ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।