ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 12 ਅਕਤੂਬਰ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਪੰਜਾਬ ਕਲਾ ਭਵਨ ਵਿੱਚ ਜਪਾਨ ਤੋਂ ਆਏ ਸ਼ਾਇਰ ਤੇ ਵਾਰਤਕਕਾਰ ਪਰਮਿੰਦਰ ਸੋਢੀ ਨਾਲ ‘ਤੇਰੇ ਸਨਮੁੱਖ’ ਪ੍ਰੋਗਰਾਮ ਤਹਿਤ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਆਏ ਸਰੋਤਿਆਂ ਤੇ ਪਾਠਕਾਂ ਨੂੰ ਜੀ ਆਇਆਂ ਆਖਦਿਆਂ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਪਰਮਿੰਦਰ ਸੋਢੀ ਦੀ ਸਾਹਿਤਕ ਦੇਣ ਤੇ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ।
ਪਰਿਸ਼ਦ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਸੋਢੀ ਦੀ ਰਚਨਾ ਪ੍ਰਕਿਰਿਆ ਬਾਰੇ ਸਵਾਲ ਕੀਤੇ, ਜਿਨ੍ਹਾਂ ਦੇ ਜੁਆਬ ਦਿੰਦਿਆਂ ਸੋਢੀ ਨੇ ਦੱਸਿਆ ਕਿ ਸ਼ਬਦ ਤੇ ਸ਼ਖ਼ਸੀਅਤ ਦਾ ਇਕ-ਮਿਕ ਹੋਣਾ ਮੇਰੇ ਵੱਡੇ ਭਾਗ ਹਨ। ਡਾ. ਜਗਦੀਸ਼ ਕੌਰ ਨੇ ਸੋਢੀ ਦੀ ਵਾਰਤਕ ਬਾਰੇ ਪਾਠਕਾਂ ਨੂੰ ਚੋਖੀ ਜਾਣਕਾਰੀ ਦਿੱਤੀ। ਪ੍ਰਧਾਨਗੀ ਕਰਦਿਆਂ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਅੱਜ ਉਨ੍ਹਾਂ ਸੋਢੀ ਨੂੰ ਸੁਣ ਕੇ ਨਿਵੇਕਲੇ ਰੂਪ ਵਿੱਚ ਦੇਖਿਆ ਹੈ। ਉਨ੍ਹਾਂ ਸੋਢੀ ਦੀਆਂ ਲਿਖਤਾਂ ਬਾਰੇ ਆਪਣੇ ਵਿਚਾਰ ਵੀ ਰੱਖੇ। ਪਰਿਸ਼ਦ ਵੱਲੋਂ ਪਰਮਿੰਦਰ ਸੋਢੀ ਨੂੰ ਸਨਮਾਨਿਆ ਗਿਆ।