ਪੱਤਰ ਪ੍ਰੇਰਕ
ਖਰੜ, 8 ਜੂਨ
ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਖਰੜ ਹਲਕੇ ਵਿਚ ਧਨਾਢਾਂ, ਸਾਬਕਾ ਮੰਤਰੀਆਂ ਵੱਲੋਂ ਅਨੇਕਾਂ ਏਕੜ ਜ਼ਮੀਨ ਉਪਰ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਜਲਦ ਛੁਡਾਇਆ ਜਾਵੇਗਾ। ਉਹ ਇੱਥੇ ਮੁੰਡੀ ਖਰੜ ਪਾਰਟੀ ਦਫ਼ਤਰ ਵਿੱਚ ਇਲਾਕੇ ਦੇ ਪਿੰਡ ਜੈਂਤੀਮਾਜਰਾ, ਬਰਗਿੰਡੀ, ਕਸੌਲੀ, ਸਮੇਤ ਹੋਰ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਮੀਨਾਂ ਛੁਡਾਉਣ ਸਬੰਧੀ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ, ਉਨ੍ਹਾਂ ਕਿਹਾ ਕਿ ਕਿਸੇ ਵੀ ਲੋੜਵੰਦ ਦਾ ਬਣਦਾ ਹੱਕ ਨਹੀਂ ਖੋਹਿਆ ਜਾਵੇਗਾ। ਇਹ ਲੜਾਈ ਸਿਰਫ਼ ਤੇ ਸਿਰਫ਼ ਧਨਾਢਾਂ ਅਤੇ ਵੀਆਈਪੀ ਲੋਕਾਂ ਖ਼ਿਲਾਫ਼ ਹੈ। ਮਾਨ ਨੇ ਕਿਹਾ ਕਿ ਖਰੜ ਹਲਕੇ ਅਧੀਨ ਪੈਂਦੇ ਪਿੰਡਾਂ/ਕਸਬਿਆਂ ਵਿਚੋਂ ਜਾਣਕਾਰੀ ਲਈ ਜਾ ਰਹੀ ਹੈ ਕਿ ਜਿੱਥੇ-ਜਿੱਥੇ ਕਰੋੜਾਂ/ਅਰਬਾਂ ਰੁਪਏ ਮੁੱਲ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇਗਾ। ਉਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਨਾਜਾਇਜ਼ ਕਬਜ਼ੇ ਕਰਨ ਵਿਚ ਦੋਸ਼ੀ ਪਾਏ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਕਬਜ਼ਿਆਂ ਨੂੰ ਤੁਰੰਤ ਖਾਲੀ ਕਰਵਾ ਕੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧੀਨ ਕਰਵਾਇਆ ਜਾਵੇਗਾ।