ਪੱਤਰ ਪ੍ਰੇਰਕ
ਪੰਚਕੂਲਾ, 6 ਨਵੰਬਰ
ਦੀਵਾਲੀ ਤੋਂ ਬਾਅਦ ਵੀ ਸੈਕਟਰ 20 ਦੀਆਂ ਸੜਕਾਂ ਅਤੇ ਮਾਰਕੀਟ ਵਿੱਚ ਰੇਹੜੀ-ਫੜ੍ਹੀ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਬਾਹਰੋਂ ਆਉਂਣ ਵਾਲੇ ਲੋਕਾਂ ਨੂੰ ਕਈ ਕਈ ਘੰਟੇ ਟ੍ਰੈਫਿਕ ਦੇ ਜਾਮ ਵਿੱਚ ਫਸੇ ਰਹਿਣਾ ਪੈਂਦਾ ਹੈ। ਨਾ ਤਾਂ ਇੱਥੇ ਟ੍ਰੈਫਿਕ ਪੁਲੀਸ ਦੇ ਮੁਲਾਜ਼ਮ ਜਾਮ ਨੂੰ ਖੁਲ੍ਹਵਾਉਂਦੇ ਹਨ ਅਤੇ ਨਾ ਹੀ ਸੜਕਾਂ ਕਿਨਾਰੇ ਬੈਠੇ ਰੇਹੜੀ-ਫੜ੍ਹੀ ਵਾਲਿਆਂ ਕੋਈ ਕਾਰਵਾਈ ਕੀਤੀ ਜਾਂਦੀ ਹੈ। ਹਾਲਾਂਕਿ ਸਰਕਾਰੀ ਮੁਲਾਜ਼ਮ ਰੇਹੜੀ-ਫੜ੍ਹੀ ਵਾਲਿਆਂ ਦੀ ਬੈਠਣ ਦੀ ਪਰਚੀ ਕੱਟ ਰਹੇ ਹਨ। ਪੈਦਲ ਜਾਣ ਵਾਲਿਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਦੁਕਾਨਦਾਰਾਂ ਨੇ ਬਰਾਂਡਿਆਂ ਵਿੱਚ ਕਬਜ਼ੇ ਕੀਤੇ ਹੋਏ ਹਨ। ਕਈ ਦੁਕਾਨਦਾਨਾਂ ਨੇ ਆਰਜ਼ੀ ਤੌਰ ’ਤੇ ਆਪਣੀ ਦੁਕਾਨ ਦੇ ਬਾਹਰ ਰੇਹੜੀ-ਫੜ੍ਹੀ ਵਾਲਿਆਂ ਨੂੰ ਕਿਰਾਏ ’ਤੇ ਖੜ੍ਹਾ ਰੱਖਿਆ ਹੋਇਆ ਹੈ ਤੇ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਵਿੱਚੋਂ ਲਾਈਟ ਦੀ ਸਪਲਾਈ ਵੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਨਗਰ ਨਿਗਮ ਪੰਚਕੂਲਾ ਦੇ ਬੁਲਾਰੇ ਅਸ਼ੀਸ਼ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਕਬਜ਼ੇ ਜਲਦ ਹਟਾਏ ਜਾਣਗੇ।