ਸਰਬਜੀਤ ਸਿੰਘ ਭੱਟੀ
ਲਾਲੜੂ, 23 ਅਪਰੈਲ
ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਪਿੰਡ ਆਲਮਗੀਰ ਵਿੱਚ ਬਿਨਾ ਠੇਕੇ ’ਤੇ ਲਿਆਂ ਸ਼ਾਮਲਾਤ ਜ਼ਮੀਨ ਵਿੱਚ ਖੇਤੀ ਕਰ ਕੇ ਫ਼ਸਲ ਕੱਟਣ ਦੇ ਮਾਮਲੇ ਵਿੱਚ ਜਾਂਚ ਰਿਪੋਰਟ ਆਉਣ ਤੋਂ ਬਾਅਦ ਨਵਾਂ ਮੋੜ ਆਇਆ ਹੈ। ਰਿਪੋਰਟ ਵਿੱਚ 85 ਵਿੱਘੇ 19 ਬਿਸਵੇ ਜ਼ਮੀਨ ’ਤੇ ਪਿੰਡ ਦੇ ਤਿੰਨ ਪਰਿਵਾਰਾਂ ਦਾ ਕਬਜ਼ਾ ਮਿਲਿਆ ਹੈ। ਇਸ ਸਬੰਧ ’ਚ ਫ਼ਸਲ ਦੀ ਚੋਰੀ ਕੀਤੇ ਜਾਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਤਕਨੀਕੀ ਟੀਮ ਦੇ ਸਹਿਯੋਗ ਨਾਲ ਵਸੂਲੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ 16 ਏਕੜ ਨਗਰ ਕੌਂਸਲ ਦੀ ਸ਼ਾਮਲਾਤ ਜ਼ਮੀਨ ’ਤੇ ਬਿਨਾਂ ਠੇਕਾ ਦਿੱਤਿਆਂ ਪਿਛਲੇ 10 ਸਾਲਾਂ ਤੋਂ ਖੇਤੀ ਕੀਤੀ ਜਾ ਰਹੀ ਹੈ। ਜਿਉਂ ਹੀ ਉਕਤ ਜ਼ਮੀਨ ਦੀ ਨਿਸ਼ਾਨਦੇਹੀ ਸਮੇਤ ਐਕਸਨ ਲਈ ਪ੍ਰਸ਼ਾਸਨ ਨੇ ਕਮਰ ਕੱਸੀ ਤਾਂ ਇਸ ਤੋਂ ਪਹਿਲਾਂ ਉਕਤ ਜ਼ਮੀਨ ’ਤੇ ਨਾਜਾਇਜ਼ ਕਬਜ਼ਾਧਾਰਕਾਂ ਨੇ ਖੜ੍ਹੀ ਕਣਕ ਦੀ ਫ਼ਸਲ ਦੀ ਰਾਤੋ-ਰਾਤ ਚੋਰੀ ਨਾਲ ਵਾਢੀ ਕਰ ਲਈ। ਨਾਜਾਇਜ਼ ਕਬਜ਼ਾਧਾਰਕ ਹੁਣ ਤੱਕ ਸ਼ਾਮਲਾਤ ਜ਼ਮੀਨ ਵਿੱਚ ਖੇਤੀ ਕਰ ਕੇ ਕੌਂਸਲ ਨੂੰ ਲਗਭਗ ਇੱਕ ਕਰੋੜ ਰੁਪਏ ਦਾ ਚੂਨਾ ਲਾ ਚੁੱਕੇ ਹਨ, ਜਿਸ ਦੇ ਪਿੱਛੇ ਕੌਂਸਲ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਕਥਿਤ ਤੌਰ ’ਤੇ ਹੱਥ ਹੋਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਜਾ ਰਿਹਾ ਹੈ।
ਈਓ ਦੀ ਸ਼ਿਕਾਇਤ ’ਤੇ ਤਿੰਨ ਖ਼ਿਲਾਫ਼ ਕੇਸ ਦਰਜ
ਨਗਰ ਕੌਂਸਲ ਦੇ ਈਓ ਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਦੇ ਤਿੰਨ ਵਿਅਕਤੀਆਂ ਕੋਲ ਕ੍ਰਮਵਾਰ, 30-30, 25 ਵਿੱਘੇ ਜ਼ਮੀਨ ਦਾ ਨਾਜਾਇਜ਼ ਕਬਜਾ ਹੈ, ਜਿਨ੍ਹਾਂ ਨੇ ਰਾਤੋ-ਰਾਤ ਸ਼ਾਮਲਾਤ ਜ਼ਮੀਨ ਵਿੱਚ ਖੜ੍ਹੀ ਕਣਕ ਦੀ ਫ਼ਸਲ ਦੀ ਵਾਢੀ ਕਰ ਲਈ। ਇਸ ਸਬੰਧੀ ਸ਼ੁੱਕਰਵਾਰ ਨੂੰ ਲਾਲੜੂ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਸੀ ਤੇ ਰਿਕਵਰੀ ਕੀਤੇ ਜਾਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਥਾਣਾ ਮੁਖੀ ਲਾਲੜੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਆਲਮਗੀਰ ਦੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।