ਪੱਤਰ ਪ੍ਰੇਰਕ
ਚੰਡੀਗੜ੍ਹ, 30 ਜੁਲਾਈ
ਇਥੋਂ ਦੇ ਸੈਕਟਰ 53-54 ਵਿੱਚ ਸਥਿਤ ਫਰਨੀਚਰ ਮਾਰਕੀਟ ਅੱਗੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣੇ ਗਏ ਸਾਈਕਲ ਟਰੈਕ ’ਤੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਸਾਈਕਲ ਟਰੈਕ ਉੱਤੇ ਕੁਝ ਦੁਕਾਨਦਾਰਾਂ ਨੇ ਸਾਮਾਨ ਰੱਖਿਆ ਹੋਇਆ ਹੈ। ਇਸ ਕਾਰਨ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਵਿੱਚ ਸਾਮਾਨ ਖਰੀਦਣ ਲਈ ਆਉਣ ਵਾਲੇ ਲੋਕ ਵੀ ਆਪਣੀਆਂ ਕਾਰਾਂ ਤੇ ਹੋਰ ਵਾਹਨ ਸਾਈਕਲ ਟਰੈਕ ਉੱਤੇ ਖੜ੍ਹੇ ਕਰ ਦਿੰਦੇ ਹਨ ਜਿਸ ਕਾਰਨ ਆਵਾਜਾਈ ਦੀ ਦਿੱਕਤ ਹੋਰ ਵੱਧ ਜਾਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਰਾਸ਼ੀ ਖਰਚ ਕਰਕੇ ਇਹ ਸਾਈਕਲ ਟਰੈਕ ਬਣਾਇਆ ਹੈ ਜੋ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹ ਗਿਆ ਹੈ।
ਦੱਸਣਯੋਗ ਹੈ ਕਿ ਸੈਕਟਰ 53-54 ਦੀ ਫਰਨੀਚਰ ਮਾਰਕੀਟ ਮੁਹਾਲੀ ਸ਼ਹਿਰ ਵਾਲੇ ਪਾਸਿਓਂ ਚੰਡੀਗੜ੍ਹ ਦੀ ਅਖੀਰਲੀ ਮਾਰਕੀਟ ਹੈ। ਚੰਡੀਗੜ੍ਹ ਦੇ ਸੂਝਵਾਨ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਰਕੀਟ ਦੇ ਸਾਈਕਲ ਟਰੈਕ ’ਤੇ ਨਾਜਾਇਜ਼ ਕਬਜ਼ੇ ਰੋਕਣ ਲਈ ਨਿਗਮ ਜਾਂ ਟ੍ਰੈਫ਼ਿਕ ਪੁਲੀਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਸ਼ਹਿਰ ਵਾਸੀਆਂ ਦੇ ਟੈਕਸਾਂ ਵਜੋਂ ਇਕੱਠੇ ਕੀਤੇ ਪੈਸੇ ਖਰਚ ਕਰਕੇ ਇਹ ਸਾਈਕਲ ਟਰੈਕ ਬਣਾਉਣ ਦੀ ਕੀ ਲੋੜ ਸੀ।
ਚੰਡੀਗੜ੍ਹ ਤੋਂ ਮੁਹਾਲੀ ਵਿੱਚ ਦਾਖਲ ਹੋਣ ਵੇਲੇ ਅਕਸਰ ਇਸ ਮਾਰਕੀਟ ਕੋਲ ਸੜਕ ਉਤੇ ਖੜ੍ਹੇ ਵਾਹਨਾਂ ਅਤੇ ਦੁਕਾਨਦਾਰਾਂ ਵੱਲੋਂ ਰੱਖੇ ਫਰਨੀਚਰ ਕਾਰਨ ਸੜਕ ਉੱਤੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਸੈਕਟਰ-41 ਨਿਵਾਸੀ ਜਗਦੀਸ਼, ਸੈਕਟਰ 40 ਦੇ ਕਾਰੋਬਾਰੀ ਕੁਲਵੰਤ ਸਿੰਘ, ਮੁਹਾਲੀ ਵਾਸੀ ਗੁਰਜੀਤ ਸਿੰਘ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਟ੍ਰੈਫ਼ਿਕ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਇਸ ਮਾਰਕੀਟ ਵਿੱਚ ਸਾਈਕਲ ਟਰੈਕ ਉੱਤੇ ਖੜ੍ਹੀਆਂ ਗੱਡੀਆਂ ਤੇ ਨਾਜਾਇਜ਼ ਤੌਰ ’ਤੇ ਪਏ ਸਾਮਾਨ ਨੂੰ ਜ਼ਬਤ ਕੀਤਾ ਜਾਵੇ ਤਾਂ ਜੋ ਇਸ ਸੜਕ ’ਤੇ ਟ੍ਰੈਫ਼ਿਕ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਊਨ੍ਹਾਂ ਨੇ ਡਿਫਾਲਟਰ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਵੀ ਮੰਗੀ ਹੈ।
ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ: ਡੀਐੱਸਪੀ
ਡੀਐੱਸਪੀ (ਟ੍ਰੈਫ਼ਿਕ) ਹਰਜੀਤ ਕੌਰ ਨੇ ਮਜ਼ਬੂਰੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਮਾਰਕੀਟ ਵਾਲਾ ਸਾਈਕਲ ਟਰੈਕ ਹੀ ਗਲਤ ਬਣਿਆ ਹੋਇਆ ਹੈ ਤੇ ਇਥੇ ਫੁੱਟਪਾਥ ਤੱਕ ਵੀ ਨਹੀਂ ਹੈ। ਇਸ ਸਾਈਕਲ ਟਰੈਕ ਦੀ ਸਮੱਸਿਆ ਬਾਰੇ ਉਹ ਕਈ ਵਾਰ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਭੇਜ ਚੁੱਕੀ ਹੈ ਪਰ ਅਜੇ ਕੋਈ ਕਾਰਵਾਈ ਨਹੀਂ ਹੋਈ ਹੈ।