ਕਰਮਜੀਤ ਸਿੰਘ ਚਿੱਲਾ
ਬਨੂੜ, 13 ਦਸੰਬਰ
ਇਸ ਖੇਤਰ ਵਿੱਚ ਕਈ ਥਾਵਾਂ ਉੱਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆਏ ਹਨ। ਘੱਗਰ ਦਰਿਆ ਦੇ ਨੇੜਲੇ ਕਈ ਪਿੰਡਾਂ ਵਿੱਚ ਰਾਤ ਨੂੰ ਮਾਈਨਿੰਗ ਹੁੰਦੀ ਹੈ। ਪਿੰਡਾਂ ਦੇ ਵਸਨੀਕਾਂ ਵੱਲੋਂ ਮਾਈਨਿੰਗ ਵਿਭਾਗ ਕੋਲ ਸ਼ਿਕਾਇਤਾਂ ਕਰਨ ਤੇ ਮੌਕੇ ਤੋਂ ਵੀਡੀਓ ਬਣਾ ਕੇ ਭੇਜਣ ਦੇ ਬਾਵਜੂਦ ਵਿਭਾਗੀ ਕਾਰਵਾਈ ਢਿੱਲੀ ਹੈ, ਜਿਸ ਕਾਰਨ ਲੋਕਾਂ ਵਿੱਚ ਰੋਸ ਹੈ।
ਤਾਜ਼ਾ ਮਾਮਲਾ ਪਿੰਡ ਮਨੌਲੀ ਸੂਰਤ ਤੋਂ ਸਾਹਮਣੇ ਆਇਆ ਹੈ। ਪਿੰਡ ਦੇ ਕਈ ਵਿਅਕਤੀਆਂ ਨੇ ਬੀਤੀ ਸ਼ਾਮ ਪੋਕਲੇਨ ਮਸ਼ੀਨ ਨਾਲ ਘੱਗਰ ਦਰਿਆ ਦੇ ਨੇੜਿਉਂ ਪੰਚਾਇਤੀ ਜ਼ਮੀਨ ਵਿੱਚੋਂ ਟਿੱਪਰਾਂ ਰਾਹੀਂ ਮਾਈਨਿੰਗ ਹੋਣ ਸਬੰਧੀ ਵਿਭਾਗ ਕੋਲ ਸ਼ਿਕਾਇਤ ਕੀਤੀ। ਸ਼ਿਕਾਇਤ ਕਰਨ ਵਾਲਿਆਂ ਨੇ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਨੇ ਮੌਕਾ ਵੀ ਵੇਖਿਆ ਪਰ ਅਗਲੇਰੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪਿੰਡ ਦੇ ਸਰਪੰਚ ਉੱਤੇ ਮਾਈਨਿੰਗ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਕਮਰਾਨ ਧਿਰ ਦਾ ਆਗੂ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇੱਥੋਂ ਵੱਡੇ ਪੱਧਰ ਉੱਤੇ ਰੇਤੇ ਅਤੇ ਮਿੱਟੀ ਦੀ ਮਾਈਨਿੰਗ ਅਕਸਰ ਹੁੰਦੀ ਰਹਿੰਦੀ ਹੈ। ਪਿੰਡ ਦੇ ਸਰਪੰਚ ਨੈਬ ਸਿੰਘ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਨਵੀਂ ਬਣਨ ਵਾਲੀ ਇੱਕ ਕੱਚੀ ਸੜਕ ਉੱਤੇ ਮਿੱਟੀ ਪਾਉਣ ਲਈ ਮਿੱਟੀ ਚੁੱਕੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਦੀ ਮਨਜ਼ੂਰੀ ਸਬੰਧੀ ਸਾਰੀ ਪ੍ਰਕਿਰਿਆ ਮੁਕੰਮਲ ਹੈ।
ਮਾਮਲੇ ਦੀ ਪੜਤਾਲ ਜਾਰੀ; ਐੱਸਡੀਓ
ਮਾਈਨਿੰਗ ਵਿਭਾਗ ਦੇ ਐੱਸਡੀਓ ਨਵੀਨ ਨੇ ਦੱਸਿਆ ਕਿ ਮਨੌਲੀ ਸੂਰਤ ਵਾਸੀਆਂ ਦੀ ਸ਼ਿਕਾਇਤ ਦੀ ਜਾਂਚ ਲਈ ਜੇਈ ਨੂੰ ਮੌਕਾ ਦੇਖਣ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਰਿਪੋਰਟ ਮਿਲਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਬਨੂੜ-ਹੁਲਕਾ ਦੀ ਸ਼ਿਕਾਇਤ ਸਬੰਧੀ ਆਖਿਆ ਕਿ ਉੱਥੇ ਸਿਰਫ ਤਿੰਨ ਫੁੱਟ ਤੱਕ ਹੀ ਮਿੱਟੀ ਚੁੱਕੀ ਗਈ ਸੀ ਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਅਜਿਹੇ ਮਾਮਲੇ ਵਿੱਚ ਕਾਰਵਾਈ ਨਹੀਂ ਬਣਦੀ।