ਪੱਤਰ ਪ੍ਰੇਰਕ
ਲਾਲੜੂ, 17 ਫਰਵਰੀ
ਅੰਬਾਲਾ-ਨਰਾਇਣਗੜ੍ਹ ਮੁੱਖ ਸੜਕ ’ਤੇ ਕੀਤੀ ਨਾਕੇਬੰਦੀ ਦੌਰਾਨ ਹੰਡੇਸਰਾ ਪੁਲੀਸ ਨੇ ਦੋ ਟਿੱਪਰ ਚਾਲਕਾਂ ਨੂੰ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਹੈ ਤੇ ਉਨ੍ਹਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਟਿੱਪਰਾਂ ਨੂੰ ਕਬਜ਼ੇ ’ਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਏ.ਐਸ.ਆਈ. ਗੌਰਵ ਸ਼ਰਮਾ ਨੇ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਬੀਤੀ ਰਾਤ ਟਿੱਪਰ ਨੰਬਰ ਐਚਆਰ.37.ਡੀ.0042 ਦੇ ਡਰਾਈਵਰ ਰਮਨ ਚੌਹਾਨ ਵਾਸੀ ਸਹਿਜਾਦਪੁਰ ਜ਼ਿਲ੍ਹਾ ਅੰਬਾਲਾ ਤੇ ਟਿੱਪਰ ਨੰਬਰ ਐੱਚ.ਆਰ.37ਡੀ.2562 ਦੇ ਡਰਾਈਵਰ ਮੋਮੀਨ ਵਾਸੀ ਜੈਂਤਪੁਰ ਜ਼ਿਲ੍ਹਾ ਯਮਨਾਨਗਰ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਹਰਿਆਣੇ ਵਾਲੇ ਪਾਸੇ ਤੋਂ ਖਨਣ ਕਰਕੇ ਕਰੱਸ਼ਰ ਜ਼ੋਨ ਹੰਡੇਸਰਾ ਵੱਲ ਆ ਰਹੇ ਸਨ, ਜੋ ਪੁਲੀਸ ਪਾਰਟੀ ਨੂੰ ਮੌਕੇ ’ਤੇ ਕੋਈ ਵੀ ਪਰਮਿਟ ਜਾਂ ਤਸੱਲੀ ਬਖਸ਼ ਕਾਗਜ਼ ਨਹੀਂ ਵਿਖਾ ਸਕੇ। ਜਿਸ ਤੋਂ ਸਿੱਧ ਹੋਇਆ ਕਿ ਉਹ ਨਾਜਾਇਜ਼ ਮਾਈਨਿੰਗ ਕਰਨ ਦਾ ਕੰਮ ਕਰਦੇ ਹਨ। ਜਿਨ੍ਹਾਂ ਖ਼ਿਲਾਫ਼ ਹੰਡੇਸਰਾ ਥਾਣੇ ਵਿੱਚ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਦੋਵੇਂ ਟਿੱਪਰਾਂ ਨੁੂੰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।