ਹਰਜੀਤ ਸਿੰਘ
ਜ਼ੀਰਕਪੁਰ, 1 ਸਤੰਬਰ
ਨਗਰ ਕੌਂਸਲ ਵੱਲੋਂ ਲੋਹਗੜ੍ਹ ਪਾਰਕ ਦੇ ਬਾਹਰ ਤੋਂ ਨਾਜਾਇਜ਼ ਰੇਹੜੀ-ਫੜ੍ਹੀ ਮਾਰਕੀਟ ਨੂੰ ਚੁੱਕ ਦਿੱਤਾ ਗਿਆ। ਇਸ ਦੌਰਾਨ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਕੌਂਸਲ ਨੇ ਕਾਰਵਾਈ ਜਾਰੀ ਰੱਖੀ। ਕੌਂਸਲ ਦੀ ਇਸ ਕਾਰਵਾਈ ’ਤੇ ਲੋਕਾਂ ਨੇ ਖ਼ੁਸ਼ੀ ਪ੍ਰਗਟਾਈ ਹੈ।
ਜਾਣਕਾਰੀ ਅਨੁਸਾਰ ਲੋਹਗੜ੍ਹ ਨੂੰ ਜਾਂਦੀ ਮੇਨ ਰੋਡ ’ਤੇ ਮਿਉਂਸਿਪਲ ਪਾਰਕ ਦੇ ਬਾਹਰ ਲੰਘੇ ਦਿਨਾਂ ਤੋਂ ਰੇਹੜੀ ਅਤੇ ਫੜ੍ਹਈ ਵਾਲਿਆਂ ਨੇ ਕਬਜ਼ਾ ਜਮ੍ਹਾਂ ਲਿਆ ਸੀ। ਇੱਥੇ ਸਭ ਤੋਂ ਵੱਧ ਭੀੜ ਸਬਜ਼ੀ ਅਤੇ ਫ਼ਲ ਵੇਚਣ ਵਾਲੇ ਰੇਹੜੀ ਚਾਲਕਾਂ ਦੀ ਸੀ। ਇੱਥੇ ਹਰ ਵੇਲੇ ਹੁਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੀ ਭੀੜ ਲੱਗੀ ਰਹਿੰਦੀ ਸੀ ਜਿਸ ਕਾਰਨ ਵਸਨੀਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ। ਲੋਕਾਂ ਵੱਲੋਂ ਲੰਮੇ ਸਮੇਂ ਤੋਂ ਨਗਰ ਕੌਂਸਲ ਤੋਂ ਨਾਜਾਇਜ਼ ਮਾਰਕੀਟ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕਰਾਂਗੇ: ਈਓ
ਕਾਰਜ ਸਾਧਕ ਅਫ਼ਸਰ ਗਿਰੀਸ਼ ਵਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਸੜਕ ’ਤੇ ਨਾਜਾਇਜ਼ ਰੇਹੜੀ, ਫੜੀ ਅਤੇ ਦੁਕਾਨ ਨਾ ਲੱਗੇ। ਉਨ੍ਹਾਂ ਕਿਹਾ ਕਿ ਲੋਹਗੜ੍ਹ ਰੋਡ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾਵੇਗਾ।