ਮੁਕੇਸ਼ ਕੁਮਾਰ
ਚੰਡੀਗੜ੍ਹ, 10 ਸਤੰਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਮਿਲਖ ਵਿਭਾਗ ਨੇ ਅੱਜ ਲੋਕਾਂ ਦੇ ਵਿਰੋਧ ਵਿਚਾਲੇ ਪਿੰਡ ਖੁੱਡਾ ਜੱਸੂ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ। ਇਸ ਮੌਕੇ ਪੁਲੀਸ ਫੋਰਸ ਵੀ ਮੌਜੂਦ ਸੀ। ਮਿਲਖ ਵਿਭਾਗ ਦੀ ਇਸ ਕਾਰਵਾਈ ਨੂੰ ਰੋਕਣ ਲਈ ਸਿਆਸੀ ਪਾਰਟੀਆਂ ਦੇ ਆਗੂ ਵੀ ਮੌਕੇ ’ਤੇ ਪੁੱਜੇ ਹੋਏ ਸਨ। ਉਨ੍ਹਾਂ ਨੇ ਸਥਾਨਕ ਲੋਕਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ।
ਜਾਣਕਾਰੀ ਅਨੁਸਾਰ ਮਿਲਖ ਵਿਭਾਗ ਨੂੰ ਪਿੰਡ ਖੁੱਡਾ ਜੱਸੂ ਵਿੱਚ ਤਿੰਨ ਨਾਜਾਇਜ਼ ਉਸਾਰੀਆਂ ਦੀ ਜਾਣਕਾਰੀ ਮਿਲੀ ਸੀ। ਇਨ੍ਹਾਂ ਨੂੰ ਢਾਹੁਣ ਲਈ ਮਿਲਖ ਵਿਭਾਗ ਦੀ ਟੀਮ ਅੱਜ ਸਵੇਰੇ ਲਗਪਗ 9 ਵਜੇ ਪੁਲੀਸ ਫੋਰਸ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੀ। ਐਸਡੀਐਮ (ਸੈਂਟਰਲ) ਦੀ ਨਿਗਰਾਨੀ ਹੇਠ ਮਿਲਖ ਵਿਭਾਗ ਦੀ ਟੀਮ ਨੇ ਨਾਜਾਇਜ਼ ਉਸਾਰੀਆਂ ਢਾਹੀਆਂ। ਮਿਲਖ ਵਿਭਾਗ ਅਨੁਸਾਰ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਨੋਟਿਸ ਜਾਰੀ ਕਰਕੇ ਇਹ ਉਸਾਰੀਆਂ ਆਪ ਹੀ ਹਟਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਅਖੀਰ ਮਿਲਖ ਵਿਭਾਗ ਦੀ ਟੀਮ ਨੇ ਅੱਜ ਇਹ ਉਸਾਰੀਆਂ ਢਾਹ ਦਿੱਤੀਆਂ। ਇੱਥੇ ਦੋ ਇਮਾਰਤਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਸ਼ੈੱਡ ਪਾਏ ਹੋਏ ਸਨ ਅਤੇ ਇੱਕ ਬਹੁ-ਮੰਜ਼ਿਲਾ ਇਮਾਰਤ ਬਣਾਈ ਹੋਈ ਸੀ। ਮਿਲਖ ਵਿਭਾਗ ਦੀ ਟੀਮ ਨੇ ਸ਼ੈਡਾਂ ਨੂੰ ਤਾਂ ਛੇਤੀ ਢਾਹ ਦਿੱਤਾ ਪਰ ਬਹੁ ਮੰਜ਼ਿਲਾ ਇਮਾਰਤ ’ਤੇ ਕੀਤੀ ਨਾਜਾਇਜ਼ ਉਸਾਰੀ ਨੂੰ ਤੋੜਨ ਲਈ ਟੀਮ ਨੂੰ ਕਾਫ਼ੀ ਜੱਦੋ ਜਹਿਦ ਕਰਨੀ ਪਈ। ਇਥੇ ਦੀਵਾਰਾਂ ਅਤੇ ਲੈਂਟਰ ਦਾ ਕੁੱਝ ਹਿੱਸਾ ਹਥੌੜਿਆਂ ਨਾਲ ਤੋੜਿਆ ਗਿਾ ਤੇ ਬਾਕੀ ਦੀ ਉਸਾਰੀ ਨੂੰ ਤੋੜਨ ਲਈ ਮਕਾਨ ਮਾਲਕ ਨੇ ਇੱਕ ਹਫਤੇ ਸਮਾਂ ਮੰਗਿਆ ਹੈ।
ਉਧਰ, ਇਸ ਕਾਰਵਾਈ ਦਾ ਸਥਾਨਕ ਲੋਕਾਂ ਤੇ ਸਿਆਸੀ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ। ਮਿਲਖ ਵਿਭਾਗ ਦੀ ਕਾਰਵਾਈ ਨੂੰ ਰੋਕਣ ਲਈ ਕਾਂਗਰਸੀ ਆਗੂਆਂ ਤੇ ਪਿੰਡ ਵਾਸੀ ਜੇਸੀਬੀ ਮਸ਼ੀਨ ਦੇ ਅੱਗੇ ਖੜ੍ਹੇ ਹੋ ਗਏ। ਪਿੰਡ ਵਾਸੀਆਂ ਨੇ ਪਿੰਡ ਅੰਦਰ ਜਾਣ ਵਾਲੀ ਮੁੱਖ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਸਖ਼ਤੀ ਵਰਤਦਿਆਂ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਉਥੋਂ ਖਦੇੜਿਆ ਅਤੇ ਮਿਲਖ ਵਿਭਾਗ ਨੇ ਆਪਣੀ ਕਾਰਵਾਈ ਜਾਰੀ ਰੱਖੀ।