ਮੁਕੇਸ਼ ਕੁਮਾਰ
ਚੰਡੀਗੜ੍ਹ, 14 ਅਕਤੂਬਰ
ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਵੱਲੋਂ ਅੱਜ ਇੱਥੋਂ ਦੇ ਸੈਕਟਰ-56 ਸਥਿਤ ਹਾਊਸਿੰਗ ਬੋਰਡ ਕਲੋਨੀ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਚਲਾਈ ਗਈ। ਬੋਰਡ ਦੇ ਫਲੈਟਾਂ ਵਿੱਚ ਕੀਤੀਆਂ ਨਾਜਾਇਜ਼ ਉਸਾਰੀਆਂ ਢਾਹੁਣ ਲਈ ਸੀਐੱਚਬੀ ਦਾ ਐਨਫੋਰਸਮੈਂਟ ਦਸਤਾ ਜਿਵੇਂ ਹੀ ਇੱਥੇ ਸੈਕਟਰ 56 ਦੀ ਹਾਊਸਿੰਗ ਬੋਰਡ ਕਲੋਨੀ ਪੁੱਜੀ ਤਾਂ ਵੱਡੀ ਗਿਣਤੀ ਸਥਾਨਕ ਲੋਕ ਉੱਥੇ ਇਕੱਠੇ ਹੋ ਗਏ। ਲੋਕਾਂ ਨੇ ਬੋਰਡ ਦੀ ਕਾਰਵਾਈ ਦਾ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇਲਾਕਾ ਕੌਂਸਲਰ ਅਤੇ ਹੋਰ ਕਈ ਆਗੂ ਲੋਕਾਂ ਦੇ ਸਮਰਥਨ ਵਿੱਚ ਧਰਨਾ ਦੇਣ ਲਈ ਪੁੱਜ ਗਏ। ਉਨ੍ਹਾਂ ਆਪਣੇ ਸਾਥੀਆਂ ਸਮੇਤ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਮੌਜੂਦ ਪੁਲੀਸ ਫੋਰਸ ਨੇ ਸਖ਼ਤੀ ਨਾਲ ਲੋਕਾਂ ਨੂੰ ਕਾਬੂ ਕੀਤਾ ਅਤੇ ਉੱਥੋਂ ਖਦੇੜਿਆ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਨੱਵਰ ਸਮੇਤ ਕਈ ਹੋਰਾਂ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਪੁਲੀਸ ਸੁਰੱਖਿਆ ਹੇਠ ਬੋਰਡ ਦੀ ਟੀਮ ਨੇ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਇੱਥੇ ਫਲੈਟਾਂ ਵਿੱਚ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਢਹਿ-ਢੇਰੀ ਕਰ ਦਿੱਤਾ। ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਅੱਜ ਕੀਤੀ ਗਈ ਕਾਰਵਾਈ ਦੌਰਾਨ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸੈਕਟਰ 56 ਵਿੱਚ ਤਿੰਨ ਰਿਹਾਇਸ਼ੀ ਯੂਨਿਟਾਂ ਵਿੱਚ ਅਣਅਧਿਕਾਰਿਤ ਵਾਧੂ ਉਸਾਰੀਆਂ ਨੂੰ ਹਟਾਇਆ। ਇਸ ਦੇ ਨਾਲ ਹੀ ਇੱਥੇ ਸੈਕਟਰ 56 ਵਿੱਚ ਰਿਹਾਇਸ਼ੀ ਇਕਾਈ ਨੂੰ ਵੀ ਖਾਲੀ ਕਰਵਾਇਆ ਗਿਆ। ਅਲਾਟਮੈਂਟ ਦੀ ਮਿਤੀ ਤੋਂ 15 ਸਾਲਾਂ ਦੇ ਅੰਦਰ ਵੇਚਣ ਦੇ ਦੋਸ਼ ਹੇਠ ਇਸ ਰਿਹਾਇਸ਼ੀ ਇਕਾਈ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਬੋਰਡ ਦੀ ਟੀਮ ਵੱਲੋਂ ਕਬਜ਼ਾਧਾਰੀ ਦਾ ਸਾਮਾਨ ਬਾਹਰ ਕੱਢਣ ਤੋਂ ਬਾਅਦ ਇਸ ਰਿਹਾਇਸ਼ੀ ਇਕਾਈ ਨੂੰ ਸੀਲ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਹਾਊਸਿੰਗ ਬੋਰਡ ਦੇ ਫਲੈਟਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਵਾਧੂ ਉਸਾਰੀ ਅਤੇ ਅੰਦਰੂਨੀ ਬਦਲਾਅ ’ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਹੋਈ ਹੈ। ਬੋਰਡ ਦੀਆਂ ਟੀਮਾਂ ਵੱਲੋਂ ਜਿਹੇ ਡਿਫਾਲਟਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਬੋਰਡ ਦੇ ਨਿਯਮਾਂ ਤੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਾਕਾਇਦਾ ਨੋਟਿਸ ਦੇ ਕੇ ਨਾਜਾਇਜ਼ ਉਸਾਰੀਆਂ ਨੂੰ ਆਪਣੇ ਤੌਰ ’ਤੇ ਹਟਾਉਣ ਲਈ ਕਿਹਾ ਜਾਂਦਾ ਹੈ।
ਜਦੋਂ ਡਿਫਾਲਟਰ ਅਲਾਟੀ ਅਜਿਹਾ ਨਹੀਂ ਕਰਦੇ ਤਾਂ ਬੋਰਡ ਦੀ ਟੀਮ ਵੱਲੋਂ ਡਿਫਾਲਟਰ ਅਲਾਟੀਆਂ ਦੇ ਫਲੈਟਾਂ ’ਤੇ ਕਾਰਵਾਈ ਕਰ ਕੇ ਨਾਜਾਇਜ਼ ਉਸਾਰੀਆਂ ਨੂੰ ਹਟਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਦਾ ਖ਼ਰਚਾ ਡਿਫਾਲਟਰ ਤੋਂ ਵਸੂਲਿਆਂ ਜਾਂਦਾ ਹੈ।