ਹਰਜੀਤ ਸਿੰਘ
ਡੇਰਾਬੱਸੀ, 29 ਮਈ
ਨਗਰ ਕੌਂਸਲ ਵਿੱਚ ਜੇਕਰ ਕਿਸੇ ਵੀ ਵਾਰਡ ਦੀ ਸ਼ਾਮਲਾਤ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਹੁੰਦਾ ਹੈ ਤਾਂ ਉਸ ਵਾਰਡ ਦਾ ਮੌਜੂਦਾ ਕੌਂਸਲਰ ਜ਼ਿੰਮੇਵਾਰ ਹੋਵੇਗਾ ਅਤੇ ਨਗਰ ਕੌਂਸਲ ਦਫ਼ਤਰ ਵਿਖੇ ਨਾਜਾਇਜ਼ ਕਬਜ਼ੇ ਸਬੰਧੀ ਸ਼ਿਕਾਇਤ ਦਰਜ ਹੋਣ ਤੇ ਜੇਕਰ ਕਬਜ਼ਾਧਾਰੀ ਖਿਲਾਫ਼ ਕਾਰਵਾਈ ਕਰਕੇ ਸਰਕਾਰੀ ਜ਼ਮੀਨ ਖਾਲੀ ਨਾ ਕਰਵਾਈ ਗਈ ਤਾਂ ਕਾਰਜਸਾਧਕ ਅਫ਼ਸਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਹੁਣ ਸ਼ਾਮਲਾਤ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਕਬਜ਼ਾਧਾਰੀ ਜਾਂ ਤਾਂ ਸਰਕਾਰੀ ਜ਼ਮੀਨਾਂ ‘ਤੇ ਕੀਤੇ ਕਬਜ਼ਿਆਂ ਨੂੰ ਆਪਣੇ ਆਪ ਖਾਲੀ ਕਰ ਦੇਣ, ਨਹੀਂ ਤਾਂ ਜ਼ਮੀਨ ਖਾਲੀ ਕਰਵਾਉਣ ਦੇ ਨਾਲ-ਨਾਲ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਕਾਰਜਸਾਧਕ ਅਫਸਰ ਵਰਿੰਦਰ ਜੈਨ, ਕੌਂਸਲ ਪ੍ਰਧਾਨ ਸ਼੍ਰੀਮਤੀ ਆਸ਼ੂ ਉਪਨੇਜਾ ਅਤੇ ਸਮੂਹ ਵਾਰਡਾਂ ਦੇ ਕੌਂਸਲਰਾਂ ਸਮੇਤ ਕੌਂਸਲ ਦਫ਼ਤਰ ਦੇ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਹੋਈ ਹਾਊਸ ਦੀ ਮਹੀਨਾਵਾਰ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਹਨ, ਜਿਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਦੀਆਂ ਸੁੱਖ ਸਹੂਲਤਾਂ ਲਈ ਸਮੂਹ ਕੌਂਸਲਰਾਂ ਵੱਲੋਂ ਵੱਖ ਵੱਖ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਵਿਧਾਇਕ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸ਼ਹਿਰ ਵਿੱਚ 5 ਨਵੇਂ ਟਿਊਬਵੈੱਲ ਲਗਾਏ ਜਾਣਗੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਸੈਂਪਲ ਟੈਸਟ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਹਦੂਦ ਅੰਦਰ ਆਉਦਿਆਂ ਆਣ ਅਧਿਕਾਰਤ ਕਲੋਨੀਆਂ ਜਿਨ੍ਹਾਂ ਦੀ ਆਬਾਦੀ 50 ਫ਼ੀਸਦੀ ਤੋਂ ਜਿਆਦਾ ਹੋ ਗਈ ਹੈ, ਉਨਾਂzwnj; ਕਲੋਨੀਆਂ ਵਿੱਚ ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਸੀਵਰੇਜ ਸਿਸਟਮ, ਗੰਦੇ ਪਾਣੀ ਦੀ ਨਿਕਾਸੀ ਗਲੀਆਂ ਆਦਿ ਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ।