ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 29 ਨਵੰਬਰ
ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ) ਬੋਰਡ ਦੀ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਅੱਜ ਸ਼ੁਰੂ ਹੋ ਗਈਆਂ ਹਨ ਜਦਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੇ ਮੁੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ 30 ਨਵੰਬਰ ਤੋਂ ਸ਼ੁਰੂ ਹੋਣਗੀਆਂ। ਇਹ ਪਹਿਲੀ ਵਾਰ ਹੈ ਕਿ ਆਈਸੀਐੱਸਈ ਵੱਲੋਂ ਦਸਵੀਂ ਜਮਾਤ ਦੀਆਂ ਸਮੈਸਟਰ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ ਜੋ ਕਿ 16 ਦਸੰਬਰ ਨੂੰ ਸਮਾਪਤ ਹੋਣਗੀਆਂ।
ਸੀਆਈਐੱਸਸੀਈ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਦੀਆਂ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਅਗਲੇ ਸਾਲ ਮਾਰਚ-ਅਪਰੈਲ ਵਿਚ ਹੋਣਗੀਆਂ। ਵਿਦਿਆਰਥੀਆਂ ਲਈ ਦੋਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ ਦੇਣੀਆਂ ਜ਼ਰੂਰੀ ਹਨ। ਦੋਵੇਂ ਸਮੈਸਟਰਾਂ ਦੀਆਂ ਪ੍ਰੀਖਿਆਵਾਂ ਦੇਣ ਵਾਲਿਆਂ ਨੂੰ ਹੀ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਅੱਜ ਆਈਸੀਐੱਸਈ ਦਾ ਅੰਗਰੇਜ਼ੀ ਭਾਸ਼ਾ-1 ਦੀ ਪ੍ਰੀਖਿਆ ਹੋਈ। ਇਹ ਪੇਪਰ ਇਕ ਘੰਟੇ ਦਾ ਸੀ। ਵਿਦਿਆਰਥੀਆਂ ਨੂੰ ਸਵੇਰੇ 10.50 ਵਜੇ ਪ੍ਰਸ਼ਨ ਪੱਤਰ ਵੰਡਿਆ ਗਿਆ ਤੇ ਪ੍ਰਸ਼ਨ ਪੱਤਰ ਪੜ੍ਹਨ ਲਈ 10 ਮਿੰਟ ਦਾ ਸਮਾਂ ਦਿੱਤਾ ਗਿਆ। ਦੂਜੇ ਪਾਸੇ ਸੀਬੀਐੱਸਈ ਦੀ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 11 ਦਸੰਬਰ ਨੂੰ ਸਮਾਪਤ ਹੋਣਗੀਆਂ। ਇਸ ਵਿਚ ਆਬਜੈਕਟਿਵ ਟਾਈਪ ਸਵਾਲ ਆਉਣਗੇ ਅਤੇ ਇਹ ਪ੍ਰੀਖਿਆ 90 ਮਿੰਟ ਦੀ ਹੋਵੇਗੀ। ਇਹ ਪ੍ਰੀਖਿਆ ਸਵੇਰੇ 11.30 ਵਜੇ ਸ਼ੁਰੂ ਹੋਵੇਗੀ। ਇਸ ਪ੍ਰੀਖਿਆ ਵਿਚ ਵਿਦਿਆਰਥੀਆਂ ਨੂੰ ਪਹਿਲੇ 50 ਫੀਸਦੀ ਸਿਲੇਬਸ ਵਿੱਚੋਂ ਸਵਾਲ ਆਉਣਗੇ।
ਸੀਬੀਐੱਸਈ ਬੋਰਡ ਦੀ ਚੰਡੀਗੜ੍ਹ ਦੀ ਇਕ ਵਿਦਿਆਰਥਣ ਰਸ਼ਮੀ ਨੇ ਦੱਸਿਆ ਕਿ ਪਹਿਲੀ ਵਾਰ ਹੋ ਰਹੇ ਸਮੈਸਟਰ ਕਾਰਨ ਵਿਦਿਆਰਥੀ ਤਣਾਅ ਵਿਚ ਹਨ ਕਿਉਂਕਿ ਅਜਿਹੇ ਪੈਟਰਨ ਦਾ ਪੇਪਰ ਪਹਿਲੀ ਵਾਰ ਹੋ ਰਿਹਾ ਹੈ। ਕਾਰਮਲ ਕਾਨਵੈਂਟ ਸਕੂਲ ਦੀ ਵਿਦਿਆਰਥਣ ਨੇ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਦੀਆਂ ਵਿਸ਼ੇਸ਼ ਜਮਾਤਾਂ ਲਗਾ ਕੇ ਉਨ੍ਹਾਂ ਨੂੰ ਸ਼ੀਟ ਮਾਰਕ ਕਰਨ ਦਾ ਢੰਗ ਦੱਸਿਆ ਗਿਆ ਹੈ। ਉਨ੍ਹਾਂ ਦਾ ਮੁੱਖ ਵਿਸ਼ੇ ਸੋਸ਼ਲ ਸਟੱਡੀਜ਼ ਦਾ ਪੇਪਰ ਭਲਕੇ ਹੈ।
ਕਰੋਨਾ ਪਾਜ਼ੇਟਿਵ ਹੋਣ ’ਤੇ ਦੂਜੇ ਸਮੈਸਟਰ ਦੇ ਅੰਕ ਜੁੜਨਗੇ
ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਕਰੋਨਾ ਹੋ ਗਿਆ ਹੈ ਅਤੇ ਉਹ ਪਹਿਲੇ ਸਮੈਸਟਰ ਦੀ ਪ੍ਰੀਖਿਆ ਨਹੀਂ ਦੇ ਸਕਦੇ, ਸੀਬੀਐੱਸਈ ਵੱਲੋਂ ਉਨ੍ਹਾਂ ਦਾ ਨਤੀਜਾ ਦੂਜੇ ਸਮੈਸਟਰ ਦੇ ਆਧਾਰ ’ਤੇ ਐਲਾਨਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਵਿਦਿਆਰਥੀ ਨੇ ਪ੍ਰੀਖਿਆਵਾਂ ਦੌਰਾਨ ਕੌਮਾਂਤਰੀ ਤੇ ਕੌਮੀ ਖੇਡਾਂ ਵਿੱਚ ਹਿੱਸਾ ਲੈਣ ਜਾਣਾ ਹੈ ਤਾਂ ਉਨ੍ਹਾਂ ਵਿਦਿਆਰਥੀਆਂ ਦੀ ਬੋਰਡ ਵੱਲੋਂ ਵਿਸ਼ੇਸ਼ ਪ੍ਰੀਖਿਆ ਲਈ ਜਾਵੇਗੀ।